ਪਾਕਿਸਤਾਨ ਦੀ ਮਦਦ ਲਈ ਮੁੜ ਅੱਗੇ ਆਇਆ ਚੀਨ, ਦਿੱਤੇ 20 ਲੱਖ ਕੋਰੋਨਾ ਰੋਕੂ ਟੀਕੇ

Wednesday, Jun 23, 2021 - 04:02 PM (IST)

ਪਾਕਿਸਤਾਨ ਦੀ ਮਦਦ ਲਈ ਮੁੜ ਅੱਗੇ ਆਇਆ ਚੀਨ, ਦਿੱਤੇ 20 ਲੱਖ ਕੋਰੋਨਾ ਰੋਕੂ ਟੀਕੇ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਨੂੰ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਉਮੀਦ ਵਿਚਾਲੇ ਚੀਨ ਵੱਲੋਂ ਤਿਆਰ ਕੋਰੋਨਾ ਰੋਕੂ ਟੀਕਿਆਂ ਦੀਆਂ 20 ਲੱਖ ਹੋਰ ਖੁਰਾਕਾਂ ਮਿਲ ਗਈਆਂ ਹਨ। ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ (ਪੀ. ਆਈ. ਏ.) ਦਾ ਵਿਸ਼ੇਸ਼ ਜਹਾਜ਼ ਪੀ. ਕੇ. 6852 ਬੀਜਿੰਗ ਤੋਂ ਕੋਰੋਨਾ ਰੋਕੂ ਸੀਨੋਬੈਕ ਟੀਕਿਆਂ ਦੀਆਂ 20 ਲੱਖ ਖੁਰਾਕਾਂ ਲੈ ਕੇ ਮੰਗਲਵਾਰ ਨੂੰ ਇਸਲਾਮਾਬਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਚੀਨ ਤੋਂ ਪਾਕਿਸਤਾਨ ਨੂੰ ਸੀਨੋਬੈਕ ਦੇ 10 ਲੱਖ 55 ਹਜ਼ਾਰ ਟੀਕੇ ਮਿਲੇ ਸਨ। ਕੋਰੋਨਾ ਵਾਇਰਸ ਨਾਲ ਲੜਨ ਲਈ ਬਣਾਏ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ. ਸੀ. ਓ. ਸੀ.) ਅਨੁਸਾਰ, ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਐੱਨ. ਸੀ. ਓ. ਸੀ. ਦੀ ਅਗਵਾਈ ’ਚ ਅੰਤਰਰਾਸ਼ਟਰੀ ਬਾਜ਼ਾਰ ਤੋਂ ਟੀਕੇ ਖਰੀਦਣ ਦੀ ਪ੍ਰਕਿਰਿਆ ਦੀ ਅਗਵਾਈ ਕਰ ਰਿਹਾ ਹੈ।

ਇਨ੍ਹਾਂ ਟੀਕਿਆਂ ਨੂੰ ਦੇਸ਼ ਭਰ ਦੇ ਵੱਖ-ਵੱਖ ਟੀਕਾਕਰਨ ਕੇਂਦਰਾਂ ’ਚ ਭੇਜਿਆ ਜਾਵੇਗਾ, ਜਿਸ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਐੱਨ. ਸੀ. ਓ. ਸੀ. ਨੇ ਕਿਹਾ ਕਿ ਇਸ ਖੇਪ ਦੇ ਮਿਲਣ ਤੋਂ ਬਾਅਦ ਦੇਸ਼ ’ਚ ਰੋਜ਼ ਲਾਏ ਜਾਣ ਵਾਲੇ ਟੀਕਿਆਂ ਦੀ ਗਿਣਤੀ ਵਧਾਈ ਜਾਵੇਗੀ। ਇਸ ਵਿਚਾਲੇ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਦੱਸਿਆ ਕਿ ਦੇਸ਼ ’ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 930 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕੁਲ ਮਾਮਲੇ ਵਧ ਕੇ 950768 ਹੋ ਗਏ। 39 ਹੋਰ ਲੋਕਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 22,073 ਹੋ ਗਈ। ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਚੀਨ ਵੱਲੋਂ ਦਾਨ ਦਿੱਤੇ ਗਏ ਤਕਰੀਬਨ 10 ਲੱਖ ਸੀਨੋਫਾਰਮ ਟੀਕਿਆਂ ਨਾਲ ਦੇਸ਼ ਪੱਧਰੀ ਟੀਕਾਕਰਨ ਮੁਹਿੰਮ ਮਾਰਚ ’ਚ ਸ਼ੁਰੂ ਕੀਤੀ ਸੀ।


author

Manoj

Content Editor

Related News