'ਵਪਾਰਕ ਜੰਗ' 'ਤੇ ਚੀਨ ਅਮਰੀਕਾ ਨਾਲ ਗੱਲਬਾਤ ਲਈ ਰਾਜ਼ੀ

11/10/2018 3:21:58 PM

ਵਾਸ਼ਿੰਗਟਨ— ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਦੋ-ਪੱਖੀ ਵਪਾਰ 'ਗਲੋਬਲ ਅਰਥਵਿਵਸਥਾ ਲਈ ਅਹਿਮ' ਹੈ ਤੇ ਚੀਨ ਦੀ ਸਰਕਾਰ ਨੇ ਟਰੰਪ ਪ੍ਰਸ਼ਾਸਨ ਨਾਲ ਵਪਾਰ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਚੀਨ ਦਾ ਇਹ ਬਿਆਨ ਅਜਿਹੇ ਵੇਲੇ 'ਚ ਆਇਆ ਹੈ ਜਦੋਂ ਦੋ ਚੋਟੀ ਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ ਵਪਾਰਕ ਜੰਗ 'ਚ ਉਲਝੇ ਹੋਏ ਹਨ।

ਚੀਨ ਦੇ ਸਟੇਟ ਕਾਊਂਸਲਰ ਯਾਂਗ ਜਾਈਚੀ ਨੇ ਸ਼ੁੱਕਰਵਾਰ ਨੂੰ ਇਥੇ ਇਕ ਸੰਯੁਕਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਮਰੀਕਾ ਚੀਨ ਵਪਾਰ ਪ੍ਰੀਸ਼ਦ ਮੁਤਾਬਕ ਚੀਨ ਨਾਲ ਵਪਾਰ ਤੇ ਆਰਥਿਕ ਸਬੰਧ ਹਰੇਕ ਅਮਰੀਕੀ ਨੂੰ ਪ੍ਰਤੀ ਸਾਲ 850 ਡਾਲਰ ਸਾਲਾਨਾ ਬਚਤ ਮੁਹੱਈਆ ਕਰਵਾਉਂਦਾ ਹੈ ਤੇ ਨਾਲ ਹੀ ਦੇਸ਼ ਘੱਟ ਤੋਂ ਘੱਟ 60 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਰੱਖਿਆ ਮੰਤਰੀ ਜੈਮਸ ਮੈਟਿਸ ਤੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘੇ ਵੀ ਇਸ ਦੌਰਾਨ ਪੱਤਰਕਾਰ ਸੰਮੇਲਨ 'ਚ ਮੌਜੂਦ ਸਨ।

ਯਾਂਗ ਨੇ ਕਿਹਾ ਕਿ ਸਾਡੇ (ਚੀਨ-ਅਮਰੀਕਾ) ਵਪਾਰ ਤੇ ਆਰਥਿਕ ਸਬੰਧਾਂ ਦੀ ਦਿਸ਼ਾ ਆਪਸ 'ਚ ਲਾਭਕਾਰੀ ਹੈ ਤੇ ਇਸ ਨੇ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੀ ਜਨਤਾ ਨੂੰ ਬਹੁਤ ਲਾਭ ਪਹੁੰਚਾਇਆ ਹੈ। ਗਲੋਬਲ ਉਦਯੋਗਿਕ ਲੜੀ ਦੇ ਵੱਖ-ਵੱਖ ਅੰਗਾਂ ਦੇ ਤੌਰ 'ਤੇ ਚੀਨ-ਅਮਰੀਕਾ ਵਪਾਰ ਤੇ ਆਰਥਿਕ ਸਬੰਧ ਗਲੋਬਲ ਤੌਰ 'ਤੇ ਜ਼ਿਆਦਾ ਪ੍ਰਭਾਵੀ ਢੰਗ ਨਾਲ ਸੰਸਾਧਨ ਮੁਹੱਈਆ ਕਰਾਉਂਦੇ ਹਨ ਤੇ ਇਸ ਲਈ ਇਹ ਗਲੋਬਲ ਅਰਥਵਿਵਸਥਾ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਚੀਨ ਵਿਚਾਲੇ ਵਪਾਰ ਦੇ ਜੋ ਅਹਿਮ ਮੁੱਦੇ ਹਨ ਉਹ ਦੋਵਾਂ ਦੇਸ਼ਾਂ ਦੇ ਵੱਖ-ਵੱਖ ਆਰਥਿਕ ਢਾਂਚਿਆਂ ਤੇ ਵਿਕਾਸ ਦੇ ਪੱਧਰਾਂ ਕਾਰਨ ਹਨ। ਯਾਂਗ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਗੱਲਬਾਤ ਤੇ ਵਿਚਾਰ ਵਟਾਂਦਰੇ ਰਾਹੀਂ ਸੁਲਝਾਇਆ ਜਾ ਸਕਦਾ ਹੈ। ਵਪਾਰ ਜੰਗ ਕਿਸੇ ਹੱਲ ਤੱਕ ਪਹੁੰਚਣ ਦੀ ਬਜਾਏ ਦੋਵਾਂ ਪੱਖਾਂ ਤੇ ਗਲੋਬਲ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਦਾ ਇਸ ਮਹੀਨੇ ਦੇ ਅਖੀਰ 'ਚ ਅਰਜਨਟੀਨਾ 'ਚ ਜੀ-20 ਬੈਠਕ 'ਚ ਮੁਲਾਕਾਤ ਦੀ ਪ੍ਰੋਗਰਾਮ ਹੈ। ਪੋਂਪੀਓ ਨੇ ਮੀਡੀਆ ਨਾਲ ਮੁਲਾਕਾਤ 'ਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਚੀਨ ਨਾਲ ਰਚਨਾਤਮਕ ਤੇ ਨਤੀਜਿਆਂ 'ਤੇ ਆਧਾਰਿਤ ਸਬੰਧ ਬਣਾਉਣਾ ਚਾਹੁੰਦਾ ਹੈ, ਜੋ ਕਿ ਨਿਰਪੱਖਤਾ ਤੇ ਸਨਮਾਨ 'ਤੇ ਆਧਾਰਿਤ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ 'ਤੇ ਰੋਕ ਲਗਾਉਣ ਲਈ ਚੀਨ ਦੀ ਸਰਕਾਰ ਤੇ ਊਰਜਾ ਕੰਪਨੀਆਂ ਨਾਲ ਸਹਿਯੋਗ ਦੀ ਉਮੀਦ ਜਤਾਈ।


Baljit Singh

Content Editor

Related News