ਚੀਨ ਨੇ ਅਮਰੀਕਾ ''ਤੇ ਦੋ-ਪੱਖੀ ਸਬੰਧਾਂ ਨੂੰ ''ਨਵੀਂ ਕੋਲਡ ਵਾਰ'' ਵੱਲ ਧਕੇਲਣ ਦਾ ਲਾਇਆ ਦੋਸ਼
Monday, May 25, 2020 - 12:35 AM (IST)
ਬੀਜਿੰਗ- ਚੀਨ ਨੇ ਐਤਵਾਰ ਨੂੰ ਅਮਰੀਕਾ 'ਤੇ ਦੋਸ਼ ਲਾਇਆ ਕਿ ਉਹ ਕੋਰੋਨਾ ਵਾਇਰਸ ਬਾਰੇ ਵਿਚ ਝੂਠ ਫੈਲਾ ਕੇ ਦੋ-ਪੱਖੀ ਸਬੰਧਾਂ ਨੂੰ 'ਨਵੀਂ ਕੋਲਡ ਵਾਰ' ਦੀ ਕਗਾਰ 'ਤੇ ਲਿਜਾ ਰਿਹਾ ਹੈ। ਚੀਨ ਨੇ ਕਿਹਾ ਕਿ ਉਹ ਘਾਤਕ ਵਾਇਰਸ ਦੇ ਪੈਦਾ ਹੋਣ ਦੇ ਸਰੋਤ ਦਾ ਪਤਾ ਲਾਉਣ ਦੀਆਂ ਗਲੋਬਲ ਕੋਸ਼ਿਸ਼ਾਂ ਦੇ ਨਾਲ ਰਹੇਗਾ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਨੂੰ ਲੈ ਕੇ ਚੀਨ ਦੇ ਖਿਲਾਫ ਕੋਈ ਵੀ ਮੁਕੱਦਮਾ ਕਾਨੂੰਨ ਜਾਂ ਅੰਤਰਰਾਸ਼ਟਰੀ ਵਿਆਖਿਆ ਵਿਚ ਤੱਥਹੀਣ ਆਧਾਰ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਚੀਨ ਦੇ ਖਿਲਾਫ ਕੋਵਿਡ-19 ਦੇ ਲਈ ਮੁਆਵਜ਼ੇ ਦੀ ਮੰਗ ਕਰਨ ਵਾਲਾ ਮੁੱਕਦਮਾ ਕਾਲਪਨਿਕ ਸਬੂਤਾਂ ਦੇ ਨਾਲ ਇਕ ਪੀੜਤ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਨ ਜਿਹਾ ਹੈ। ਕੋਰੋਨਾ ਵਾਇਰਸ ਦੇ ਬਾਰੇ ਸਮੇਂ 'ਤੇ ਜਾਣਕਾਰੀ ਦੇਣ ਵਿਚ ਅਸਫਲ ਰਹਿਣ ਤੇ ਵਾਇਰਸ ਦੇ ਪੈਦਾ ਹੋਣ ਦੇ ਸਥਾਨ ਨੂੰ ਲੈਕੇ ਲਗਾਤਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਚੀਨ 'ਤੇ ਹਮਲਾਵਰ ਹਨ। ਅਜਿਹੇ ਵਿਚ ਵਾਂਗ ਨੇ ਆਪਣੇ ਸਾਲਾਨਾ ਪੱਤਰਕਾਰ ਸੰਮੇਲਨ ਵਿਚ ਚੀਨ ਦਾ ਪੱਖ ਰੱਖਦੇ ਹੋਏ ਅਮਰੀਕਾ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਅਮਰੀਕੀ ਨੇਤਾਵਾਂ 'ਤੇ ਚੀਨ ਨੂੰ ਬਦਨਾਮ ਕਰਨ ਦੇ ਲਈ ਸਿਆਸੀ ਵਾਇਰਸ ਫੈਲਾਉਣ ਦਾ ਦੋਸ਼ ਲਾਇਆ।
ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਵੀ ਹੋਰਾਂ ਦੇਸ਼ਾਂ ਵਾਂਗ ਗਲੋਬਲ ਮਹਾਮਾਰੀ ਦਾ ਸ਼ਿਕਾਰ ਹੋਇਆ ਹੈ ਤੇ ਹੋਰ ਲੋੜਵੰਦ ਸਰਕਾਰਾਂ ਦੀ ਸਹਾਇਤਾ ਕੀਤੀ ਹੈ। ਵਾਂਗ ਨੇ ਕਿਹਾ ਕਿ ਤੱਥਾਂ ਤੋਂ ਅਣਜਾਣ ਕੁਝ ਅਮਰੀਕੀ ਨੇਤਾਵਾਂ ਨੇ ਬਹੁਤ ਝੂਠ ਬੋਲੇ ਹਨ ਤੇ ਕਈ ਸਾਰੀਆਂ ਸਾਜ਼ਿਸ਼ਾਂ ਰਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕੱਦਮੇ ਅੰਤਰਰਾਸ਼ਟਰੀ ਕਾਨੂੰਨ ਦੀ ਕਸੌਟੀ 'ਤੇ ਖਰੇ ਨਹੀਂ ਉਤਰਣਗੇ। ਵਾਂਗ ਨੇ ਕਿਹਾ ਕਿ ਚੀਨ ਦੇ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲੇ ਦਿਨ ਵਿਚ ਸੁਪਨੇ ਦੇਖ ਰਹੇ ਹਨ ਤੇ ਖੁਦ ਨੂੰ ਅਪਮਾਨਿਤ ਕਰਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਿਆਸੀ ਤਾਕਤਾਂ ਚੀਨ-ਅਮਰੀਕਾ ਦੇ ਸਬੰਧਾਂ ਵਿਚ ਰੁਕਾਵਟ ਪਾ ਰਹੀਆਂ ਹਨ ਤੇ ਦੋਵਾਂ ਦੇਸ਼ਾਂ ਨੂੰ ਇਕ ਨਵੀਂ ਕੋਲਡ ਵਾਰ ਦੀ ਕਗਾਰ 'ਤੇ ਲਿਆਉਣਾ ਚਾਹੁੰਦੀਆਂ ਹਨ।