ਚੀਨ ''ਚ ਮਿਲਿਆ ਨਵਾਂ ਸਵਾਈਨ ਫਲੂ, ਮਹਾਮਾਰੀ ਫੈਲਣ ਦਾ ਖਦਸ਼ਾ
Tuesday, Jun 30, 2020 - 06:29 PM (IST)
ਬੀਜਿੰਗ (ਬਿਊਰੋ): ਸ਼ੋਧ ਕਰਤਾਵਾਂ ਨੂੰ ਚੀਨ ਵਿਚ ਇਕ ਨਵਾਂ ਸਵਾਈਨ ਫਲੂ ਮਿਲਿਆ ਹੈ ਜੋ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਵਿਚ ਮੁਸੀਬਤ ਹੋਰ ਵਧਾ ਸਕਦਾ ਹੈ। ਇਹ ਅਧਿਐਨ ਅਮਰੀਕੀ ਸਾਈਂਸ ਜਨਰਲ PNAS ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜੀ ਗਈ ਨਵੀਂ ਸਵਾਈਨ ਫਲੂ ਬੀਮਾਰੀ 2009 ਵਿਚ ਪੂਰੀ ਦੁਨੀਆ ਵਿਚ ਫੈਲੇ H1N1 ਸਵਾਈਨ ਫਲੂ ਦੀ ਹੀ ਜੈਨੇਟਿਕ ਵੰਸ਼ਜ ਹੈ ਮਤਲਬ ਜੈਨੇਟਿਕਲ ਡਿਸੇਂਡੇਂਟ ਪਰ ਇਹ ਜ਼ਿਆਦਾ ਖਤਰਨਾਕ ਹੈ।
ਚੀਨ ਦੀਆਂ ਕਈ ਯੂਨੀਵਰਸਿਟੀਆਂ ਅਤੇ ਚੀਨ ਦੇ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਨਵਾਂ ਸਵਾਈਨ ਫਲੂ ਇੰਨਾ ਤਾਕਤਵਰ ਹੈ ਕਿ ਇਹ ਇਨਸਾਨਾਂ ਨੂੰ ਬਹੁਤ ਬੀਮਾਰ ਕਰ ਸਕਦਾ ਹੈ। ਨਵੇਂ ਸਵਾਈਨ ਫਲੂ ਦਾ ਇਨਫੈਕਸ਼ਨ ਜੇਕਰ ਕੋਰੋਨਾ ਮਹਾਮਾਰੀ ਦੇ ਦੌਰਾਨ ਫੈਲ ਗਿਆ ਤਾਂ ਬਹੁਤ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਨਵੇਂ ਸਵਾਈਨ ਫਲੂ ਦਾ ਨਾਮ ਜੀ4 ਹੈ। ਚੀਨ ਦੇ ਵਿਗਿਆਨੀਆਂ ਨੇ ਇਸ ਨੂੰ ਖੋਜਣ ਲਈ ਸਾਲ 2011 ਤੋਂ 2018 ਤੱਕ ਰਿਸਰਚ ਕੀਤੀ ਹੈ। ਇਸ ਦੌਰਾਨ ਇਹਨਾਂ ਵਿਗਿਆਨੀਆਂ ਨੇ ਚੀਨ ਦੇ 10 ਰਾਜਾਂ ਵਿਚੋਂ 30 ਹਜ਼ਾਰ ਸੂਰਾਂ ਦੇ ਨੱਕ ਦਾ ਸਵੈਬ ਲੈਕੇ ਉਸ ਦੀ ਜਾਂਚ ਕੀਤੀ।
ਸਵੈਬ ਤੋਂ ਪਤਾ ਚੱਲਿਆ ਕਿ ਚੀਨ ਵਿਚ 179 ਤਰ੍ਹਾਂ ਦੇ ਸਵਾਈਨ ਫਲੂ ਹਨ। ਇਹਨਾਂ ਸਾਰਿਆਂ ਵਿਚੋਂ ਜੀ4 ਨੂੰ ਵੱਖਰਾ ਕੀਤਾ ਗਿਆ। ਜ਼ਿਆਦਾਤਰ ਸੂਰਾਂ ਵਿਚ ਜੀ4 ਸਵਾਈਨ ਫਲੂ ਮਿਲਿਆ ਹੈ ਜੋ ਸਾਲ 2016 ਦੇ ਬਾਅਦ ਤੋਂ ਸੂਰਾਂ ਵਿਚ ਵੱਧ ਰਿਹਾ ਹੈ। ਇਸ ਦੇ ਬਾਅਦ ਵਿਗਿਆਨੀਆਂ ਨੇ ਜੀ4 'ਤੇ ਅਧਿਐਨ ਕਰਨਾ ਸ਼ੁਰੂ ਕੀਤਾ। ਫਿਰ ਅਜਿਹਾ ਖੁਲਾਸਾ ਹੋਇਆ ਜਿਸ ਨਾਲ ਉਹਨਾਂ ਦੇ ਹੋਸ਼ ਉੱਡ ਗਏ। ਅਧਿਐਨ ਵਿਚ ਪਤਾ ਚੱਲਿਆ ਕਿ ਨਵਾਂ ਸਵਾਈਨ ਫਲੂ ਜੀ4 ਇਨਸਾਨਾਂ ਨੂੰ ਤੇਜ਼ੀ ਅਤੇ ਗੰਭੀਰਤਾ ਨਾਲ ਬੀਮਾਰ ਕਰ ਸਕਦਾ ਹੈ। ਜੀ4 ਜ਼ਿਆਦਾ ਤੀਬਰਤ ਦੇ ਨਾਲ ਇਨਫੈਕਸ਼ਨ ਫੈਲਾਉਂਦਾ ਹੈ ਮਤਲਬ ਇਹ ਤੇਜ਼ੀ ਨਾਲ ਇਨਸਾਨਾਂ ਵਿਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ।
ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਸੀਜਨਲ ਫਲੂ ਹੋਣ ਨਾਲ ਕਿਸੇ ਇਨਸਾਨ ਨੂੰ ਜੀ4 ਸਵਾਈਨ ਫਲੂ ਤੋਂ ਇਮਿਊਨਿਟੀ ਨਹੀਂ ਮਿਲੇਗੀ। ਸਧਾਰਨ ਫਲੂ ਦੀ ਪ੍ਰਤੀਰੋਧਕ ਸਮਰੱਥਾ ਹੋਣ ਦੇ ਬਾਵਜੂਦ ਜੀ4 ਕਿਸੇ ਨੂੰ ਵੀ ਭਿਆਨਕ ਤੌਰ 'ਤੇ ਬੀਮਾਰ ਕਰ ਸਕਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਚੀਨ ਵਿਚ ਸੂਰਾਂ ਦੇ ਫਾਰਮ ਵਿਚ ਕੰਮ ਕਰਨ ਵਾਲੇ ਹਰੇਕ 10 ਲੋਕਾਂ ਵਿਚੋਂ ਇਕ ਵਿਚ ਜੀ4 ਦਾ ਇਨਫੈਕਸ਼ਨ ਮਿਲਿਆ ਹੈ। ਇਹਨਾਂ ਵਿਗਿਆਨੀਆਂ ਨੇ ਇਹਨਾਂ ਲੋਕਾਂ ਦਾ ਐਂਟੀਬੌਡੀ ਟੈਸਟ ਕੀਤਾ ਸੀ, ਜਿਸ ਦੇ ਬਾਅਦ ਜੀ4 ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। 230 ਲੋਕਾਂ 'ਤੇ ਇਸ ਵਾਇਰਸ ਦਾ ਟੈਸਟ ਕੀਤਾ ਗਿਆ। ਉਸ ਵਿਚੋਂ ਕਰੀਬ 4.4 ਫੀਸਦੀ ਲੋਕਾਂ ਨੂੰ ਜੀ4 ਦਾ ਇਨਫੈਕਸ਼ਨ ਸੀ।
ਇਹ ਵਾਇਰਸ ਸੂਰਾਂ ਤੋਂ ਇਨਸਾਨਾਂ ਵਿਚ ਪਹੁੰਚ ਚੁੱਕਾ ਹੈ ਪਰ ਹਾਲੇ ਤੱਕ ਇਸ ਦੇ ਸਬੂਤ ਨਹੀਂ ਮਿਲੇ ਹਨ ਕਿ ਇਹ ਇਕ ਇਨਸਾਨ ਤੋਂ ਦੂਜੇ ਇਨਸਾਨ ਵਿਚ ਪਹੁੰਚ ਰਿਹਾ ਹੈ। ਵਿਗਿਆਨੀ ਇਸ 'ਤੇ ਫਿਲਹਾਲ ਅਧਿਐਨ ਕਰ ਰਹੇ ਹਨ। ਚੀਨੀ ਵਿਗਿਆਨੀਆਂ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜੇਕਰ ਜੀ4 ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲਣ ਲੱਗਾ ਤਾਂ ਇਹ ਮਹਾਮਾਰੀ ਹੋਰ ਖਤਰਨਾਕ ਹੋ ਜਾਵੇਗੀ। ਇਸ ਸਮੇਂ ਸਭ ਤੋਂ ਜ਼ਿਆਦਾ ਲੋੜ ਉਹਨਾਂ ਲੋਕਾਂ ਦਾ ਧਿਆਨ ਰੱਖਣ ਦੀ ਹੈ ਜੋ ਸੂਰਾਂ ਦੇ ਨਾਲ ਕੰਮ ਕਰਦੇ ਹਨ। ਕੈਮਬ੍ਰਿਜ ਯੂਨੀਵਰਸਿਟੀ ਵਿਚ ਵੈਟਰਨਿਰੀ ਮੈਡੀਸਨ ਵਿਭਾਗ ਦੇ ਪ੍ਰਮੁੱਖ ਜੇਮਸ ਵੁੱਡ ਨੇ ਕਿਹਾ ਕਿ ਸਾਨੂੰ ਫਾਰਮ ਵਿਚ ਪਾਲੇ ਜਾਣ ਵਾਲੇ ਜਾਨਵਰਾਂ ਤੋਂ ਹੋਣ ਵਾਲੇ ਇਨਫੈਕਸ਼ਨ ਨੂੰ ਲੈ ਕੇ ਗੰਭੀਰ ਹੋਣਾ ਹੋਵੇਗਾ ਕਿਉਂਕਿ ਇਨਸਾਨਾਂ ਅਤੇ ਜੰਗਲੀ ਜਾਨਵਰਾਂ ਦੇ ਵੱਧਦੇ ਸੰਬੰਧਾਂ ਦੇ ਕਾਰਨ ਹੀ ਅਜਿਹੇ ਵਾਇਰਸ ਹੋਰ ਇਨਫੈਕਸ਼ਨ ਫੈਲਾ ਰਹੇ ਹਨ। ਸਾਨੂੰ ਜੰਗਲੀ ਜੀਵਾਂ ਨਾਲ ਆਪਣਾ ਸੰਪਰਕ ਘੱਟ ਕਰਨਾ ਹੋਵੇਗਾ।