ਚੀਨ ''ਚ ਨਦੀ ਨੇੜੇ ਮਿਲੇ 51.80 ਕਰੋੜ ਸਾਲ ਪੁਰਾਣੇ ਨਰਮ ਟਿਸ਼ੂ

03/26/2019 3:26:38 PM

ਬੀਜਿੰਗ (ਬਿਊਰੋ)— ਵਿਗਿਆਨੀਆਂ ਨੇ ਚੀਨ ਵਿਚ ਇਕ ਨਦੀ ਕਿਨਾਰੇ ਹਜ਼ਾਰਾਂ ਫਾਸਿਲਜ਼ ਦਾ ਇਕ ਹੈਰਾਨ ਕਰ ਦੇਣ ਵਾਲਾ ਖਜਾਨਾ ਲੱਭਿਆ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਫਾਸਿਲਜ਼ ਲੱਗਭਗ 51.80 ਕਰੋੜ ਸਾਲ ਪੁਰਾਣੇ ਹੋ ਸਕਦੇ ਹਨ। ਇਹ ਖਾਸਤੌਰ ਨਾਲ ਅਸਧਾਰਨ ਹਨ ਕਿਉਂਕਿ ਇਹ ਸੌਫਟ ਬੌਡੀ ਟਿਸ਼ੂ ਹਨ ਅਤੇ ਚੰਗੀ ਤਰ੍ਹਾਂ ਸੁਰੱਖਿਅਤ ਹਨ। ਇਨ੍ਹਾਂ ਵਿਚ ਸਕਿਨ, ਅੱਖਾਂ ਅਤੇ ਅੰਦਰੂਨੀ ਅੰਗਾਂ ਦੇ ਟਿਸ਼ੂ ਸ਼ਾਮਲ ਹਨ।

ਫਾਸਿਲਜ਼ ਵਿਗਿਆਨੀਆਂ ਨੇ ਇਸ ਖੋਜ ਨੂੰ ਅਦਭੁੱਤ ਦੱਸਿਆ ਹੈ ਕਿਉਂਕਿ ਅੱਧੇ ਤੋਂ ਜ਼ਿਆਦਾ ਫਾਸਿਲਜ਼ ਅਜਿਹੀਆਂ ਪ੍ਰਜਾਤੀਆਂ ਦੇ ਹਨ ਜਿਨ੍ਹਾਂ ਨੂੰ ਪਹਿਲਾਂ ਕਦੇ ਖੋਜਿਆ ਨਹੀਂ ਗਿਆ ਸੀ। ਕਿੰਗਜਿਆਂਗ ਬਾਓਟਾ ਦੇ ਰੂਪ ਵਿਚ ਜਾਣੇ ਜਾਂਦੇ ਇਹ ਫਾਸਿਲਜ਼ ਹੁਬੇਈ ਸੂਬੇ ਵਿਚ ਦਾਨਸ਼ੁਈ ਨਦੀ ਨੇੜੇ ਪਾਏ ਗਏ ਹਨ। ਇਨ੍ਹਾਂ ਦੇ 20,000 ਤੋਂ ਵੱਧ ਨਮੂਨੇ ਲਏ ਗਏ ਅਤੇ ਹਾਲੇ ਤੱਕ ਇਨ੍ਹਾਂ ਵਿਚ 4,351 ਦੇ ਵਿਸ਼ਲੇਸ਼ਣ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚ ਕੀੜੇ, ਜੈਲੀਫਿਸ਼, ਸਮੁੰਦਰੀ ਐਨੀਮੋਨ ਅਤੇ ਐਲਗੀ ਸ਼ਾਮਲ ਹਨ।

ਚੀਨ ਦੀ ਉੱਤਰੀ-ਪੱਛਮੀ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ਿਨਜਿਆਂਗ ਝਾਂਗ ਨੇ ਕਿਹਾ ਕਿ ਇਹ ਫਾਸਿਲਜ ਜੀਵਾਂ ਦੇ ਸ਼ੁਰੂਆਤੀ ਉੱਤਪਤੀ ਦੇ ਅਧਿਐਨ ਵਿਚ ਬਹੁਤ ਮਹੱਤਵਪੂਰਣ ਸਰੋਤ ਬਣਨਗੇ। ਇਸ ਅਧਿਐਨ ਵਿਚ ਹਿੱਸਾ ਲੈਣ ਵਾਲੇ ਇਕ ਭੂ-ਵਿਗਿਆਨੀ ਪ੍ਰੋਫੈਸਰ ਰਾਬਰਟ ਗੇਨਜ਼ ਨੇ ਦੱਸਿਆ ਕਿ ਇਹ ਅਧਿਐਨ ਵਿਸ਼ੇਸ਼ ਰੂਪ ਨਾਲ ਸ਼ਾਨਦਾਰ ਹੈ ਕਿਉਂਕਿ ਫਾਸਿਲਜ਼ ਵਿਚ ਅਜਿਹੇ ਟਿਸੂ ਮਿਲੇ ਹਨ ਜੋ ਬਹੁਤ ਹੀ ਨਰਮ ਜੀਵਾਂ ਦੇ ਹਨ ਜਿਵੇਂ ਜੈਲੀਫਿਸ਼ ਅਤੇ ਕੀੜੇ। ਜਿਨ੍ਹਾਂ ਦੇ ਆਮਤੌਰ 'ਤੇ ਕੋਈ ਫਾਸਿਲਜ਼ ਬਣਨ ਦੀ ਸੰਭਾਵਨਾ ਨਹੀਂ ਹੁੰਦੀ। ਫਾਸਿਲਜ਼ ਦਾ ਜ਼ਿਆਦਾਤਰ ਹਿੱਸਾ ਜੋ ਪ੍ਰਾਪਤ ਹੁੰਦਾ ਹੈ ਉਹ ਸਖਤ ਸਰੀਰ ਵਾਲੇ ਜੀਵਾਂ ਦਾ ਹੁੰਦਾ ਹੈ ਜਿਵੇਂ ਹੱਡੀ ਆਦਿ ਦਾ। 

ਪੁਰਾਤੱਤਵ ਵਿਗਿਆਨੀਆਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਤੂਫਾਨ ਆਉਣ 'ਤੇ ਤਲਛਟ ਵਿਚ ਇਹ ਨਰਮ ਟਿਸ਼ੂ ਦੱਬੇ ਗਏ ਹੋਣਗੇ। ਜਿਸ ਨਾਲ ਕਿੰਗਜਿਆਂਗ ਬਾਓਟਾ ਨਾਮਕ ਇਹ ਫਾਸਿਲਜ਼ ਸੁਰੱਖਿਅਤ ਰਹਿ ਗਏ। ਜੈਲੀਫਿਸ਼ ਅਤੇ ਸਮੁੰਦਰੀ ਐਨੀਮੋਨ ਫਾਸਿਲਜ਼ ਨਾਲ ਵਿਗਿਆਨੀ ਕਾਫੀ ਉਤਸ਼ਾਹਿਤ ਹਨ। ਪ੍ਰੋਫੈਸਰ ਗੇਨਜ਼ ਨੇ ਦੱਸਿਆ ਕਿ ਉਹ ਉਨ੍ਹਾਂ ਵੱਲੋਂ ਦੇਖੀਆਂ ਗਈਆਂ ਸਾਰੀਆਂ ਚੀਜ਼ਾਂ ਤੋਂ ਵੱਖ ਹੈ। ਜਿਹੜੇ ਪੁਰਾਤੱਤਵ ਵਿਗਿਆਨੀ ਇਸ ਟੀਮ ਦਾ ਹਿੱਸਾ ਨਹੀਂ ਹਨ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਖੋਜ ਬੀਤੇ 100 ਸਾਲਾਂ ਦੀ ਸਭ ਤੋਂ ਮਹੱਤਵਪੂਰਣ ਖੋਜ ਹੈ। ਫਾਸਿਲਜ਼ ਵਿਗਿਆਨੀ ਐਲੀਸਨ ਡਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਕਦੇ ਇਸ ਖੋਜ ਦੇ ਗਵਾਹ ਬਣਨਗੇ।


Vandana

Content Editor

Related News