ਈਰਾਨ ''ਚ ਹਿਜਾਬ ਵਿਰੋਧੀ ਅੰਦੋਲਨ ਨੂੰ ਲੈ ਕੇ ਸਕੂਲ ਤੋਂ ਬੱਚੇ ਗ੍ਰਿਫ਼ਤਾਰ, ਨਿਊਜ਼ ਚੈਨਲ ਵੀ ਹੈਕ

Wednesday, Oct 12, 2022 - 11:05 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਈਰਾਨ 'ਚ ਪਿਛਲੇ ਲਗਭਗ ਇਕ ਮਹੀਨੇ ਤੋਂ ਹਿਜਾਬ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਹਨ। ਰੋਸ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਸਕੂਲ ਦੇ ਅੰਦਰ ਦਾਖ਼ਲ ਹੋ ਕੇ ਕਈ ਸਕੂਲੀ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਈਰਾਨੀ ਅਧਿਕਾਰੀਆਂ ਨੇ ਐਤਵਾਰ ਨੂੰ ਕੁਰਦਿਸਤਾਨ ਵਿੱਚ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ।ਗਾਰਡੀਅਨ ਦੀ ਰਿਪੋਰਟ ਮੁਤਾਬਕ ਈਰਾਨ ਦੇ ਮੁੱਖ ਨਿਊਜ਼ ਚੈਨਲ ਨੂੰ ਵੀ ਹੈਕ ਕਰ ਲਿਆ ਗਿਆ। 

ਹੈਕਰਾਂ ਨੇ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਅਤੇ ਉਨ੍ਹਾਂ ਦੀ ਥਾਂ ਅਲੀ ਖਮੇਨੀ ਦੀ ਤਸਵੀਰ ਲਗਾ ਦਿੱਤੀ। ਹੈਕਟਿਵਿਸਟ ਸਮੂਹ ਅਦਲਤ-ਏ ਅਲੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਈਰਾਨ 'ਚ ਹਿਜਾਬ ਖ਼ਿਲਾਫ਼ ਅੰਦੋਲਨ 22 ਸਾਲਾ ਈਰਾਨੀ ਮਹਿਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਉਸ ਨੂੰ ਪੁਲਸ ਨੇ ਹਿਰਾਸਤ ਵਿਚ ਮਾਰਿਆ ਹੈ। ਅਮੀਨੀ ਨੂੰ 16 ਸਤੰਬਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸ ਨੂੰ ਕਥਿਤ ਤੌਰ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਲਈ ਹਿਰਾਸਤ ਵਿਚ ਲਿਆ ਗਿਆ ਸੀ।ਇਸ ਘਟਨਾ ਨੇ ਈਰਾਨ ਵਿੱਚ ਇੱਕ ਨਵੀਂ ਬਗਾਵਤ ਨੂੰ ਜਨਮ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਕੁੜੀਆਂ ਤੋਂ ਬਾਅਦ ਹੁਣ ਪਾਕਿਸਤਾਨ 'ਚ ਹਿੰਦੂ ਨੌਜਵਾਨ ਨੂੰ ਜ਼ਬਰੀ ਬਣਾਇਆ ਗਿਆ ਮੁਸਲਮਾਨ

ਈਰਾਨੀ ਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਾਈ ਸਕੂਲ ਦੀਆਂ ਸੈਂਕੜੇ ਕੁੜੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹੋਏ। ਅਮੀਨੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੱਛਮੀ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਿਰਾਸਤ 'ਚ ਕੁੜੀ ਦੀ ਮੌਤ ਦੇ ਵਿਰੋਧ 'ਚ ਔਰਤਾਂ ਨੇ ਆਪਣੇ ਹਿਜਾਬ ਉਤਾਰ ਦਿੱਤੇ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। 


Vandana

Content Editor

Related News