ਨਿਊਜ਼-ਪੇਪਰ ਹਾਕਰ ਤੋਂ ਲੈ ਕੇ ਡਾਇਰੈਕਟਰ ਲੋਕ ਸੰਪਰਕ ਤੱਕ : ਡਾ. ਖੋਖਰ ਦਾ ਪ੍ਰੇਰਨਾਦਾਇਕ ਸਫ਼ਰ

Tuesday, Apr 14, 2026 - 06:15 PM (IST)

ਨਿਊਜ਼-ਪੇਪਰ ਹਾਕਰ ਤੋਂ ਲੈ ਕੇ ਡਾਇਰੈਕਟਰ ਲੋਕ ਸੰਪਰਕ ਤੱਕ : ਡਾ. ਖੋਖਰ ਦਾ ਪ੍ਰੇਰਨਾਦਾਇਕ ਸਫ਼ਰ

ਪਟਿਆਲਾ : ਡਾ. ਹਰਮਿੰਦਰ ਸਿੰਘ ਖੋਖਰ ਦਾ ਪਟਿਆਲਾ ਸ਼ਹਿਰ ਦੀਆਂ ਗਲੀਆਂ ਵਿਚ ਅਖ਼ਬਾਰ ਵੇਚਣ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਬਣਨ ਤੱਕ ਦਾ ਸਫ਼ਰ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਭਾਈਚਾਰਕ ਸਾਂਝ ਦਾ ਪ੍ਰਮਾਣ ਹੈ। ਗਰੀਬੀ ਅਤੇ ਕਈ ਚੁਣੌਤੀਆਂ ਦੇ ਬਾਵਜੂਦ ਉਹ ਅਕਾਦਮਿਕ ਉੱਤਮਤਾ ਅਤੇ ਸਮਾਜਿਕ ਵਚਨਬੱਧਤਾ ਦੇ ਇਕ ਚਾਨਣ ਮੁਨਾਰੇ ਵਜੋਂ ਉੱਭਰੇ। ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਪਟਿਆਲਾ ਦੀਆਂ ਸੜਕਾਂ 'ਤੇ ਅਖ਼ਬਾਰਾਂ ਵੇਚਣ ਵਾਲੇ (ਹਾਕਰ) ਨਿਊਜ਼-ਪੇਪਰ ਹਾਕਰ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲ਼ੇ ਡਾ. ਖੋਖਰ ਦੀ ਡਾਇਰੈਕਟਰ ਲੋਕ ਸੰਪਰਕ ਵਜੋਂ ਨਿਯੁਕਤੀ ਨੂੰ ਮਹਿਜ਼ ਇਕ ਪ੍ਰਸ਼ਾਸਨਿਕ ਪ੍ਰਾਪਤੀ ਦੀ ਬਜਾਏ ਮਿਹਨਤ ਅਤੇ ਉਮਰ ਭਰ ਸਿੱਖਣ ਦੇ ਜਜ਼ਬੇ ਦੀ ਜਿੱਤ ਦਾ ਇਕ ਸ਼ਕਤੀਸ਼ਾਲੀ ਸਬੂਤ ਅਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਵਜੋਂ ਵੇਖਿਆ ਜਾ ਰਿਹਾ ਹੈ।

ਡਾ. ਹਰਮਿੰਦਰ ਸਿੰਘ ਖੋਖਰ ਆਪਣੇ ਸ਼ੁਰੂਆਤੀ ਦਿਨਾਂ ਦੇ ਨਿਮਾਣੇ ਪਹਿਲੂ ਨੂੰ ਬੜੇ ਮਾਣ ਨਾਲ਼ ਸਾਂਝਾ ਕਰਦੇ ਹਨ। ਉਹ ਬੇਬਾਕੀ ਨਾਲ਼ ਆਖਦੇ ਹਨ ਕਿ ਉਹ ਉਨ੍ਹਾਂ ਵਿਚੋਂ ਨਹੀਂ ਜੋ 'ਵੱਡੇ' ਬਣ ਕੇ ਆਪਣੇ ਅਜਿਹੇ ਸਮਿਆਂ ਨੂੰ ਨਜ਼ਰਅੰਦਾਜ਼ ਹੀ ਕਰ ਦੇਣ। ਡਾ. ਖੋਖਰ ਦੱਸਦੇ ਹਨ ਕਿ ਉਸ ਦੌਰ ਵਿਚ ਜਦੋਂ ਅਖ਼ਬਾਰ ਹੀ ਸੂਚਨਾ ਦਾ ਮੁੱਖ ਸੋਮਾ ਹੁੰਦੇ ਸਨ ਤਾਂ ਉਹ ਆਪਣੀ ਨੌਜਵਾਨੀ ਦੇ ਦਿਨਾਂ ਵਿਚ ਰੋਜ਼ਾਨਾ ਸਵੇਰੇ ਸਾਈਕਲ 'ਤੇ ਅਖ਼ਬਾਰਾਂ ਦੇ ਬੰਡਲ ਲੱਦ ਕੇ ਜਾਂ ਪੈਦਲ ਹੀ ਗਲੀਆਂ ਵਿਚ ਹੋ ਕੇ ਦਿੰਦੇ ਹੋਏ ਪਾਠਕਾਂ ਤੱਕ ਖ਼ਬਰਾਂ ਪਹੁੰਚਾਉਂਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਿੰਟ ਮੀਡੀਆ ਦੀ ਦੁਨੀਆ ਦਾ ਇਹ ਤਜਰਬਾ ਉਨ੍ਹਾਂ ਲਈ ਸਿਰਫ਼ ਕੰਮ ਨਹੀਂ ਸੀ, ਸਗੋਂ ਇਹ ਉਹ ਚੰਗਿਆੜੀ ਸਾਬਤ ਹੋਇਆ ਜਿਸ ਨੇ ਉਨ੍ਹਾਂ ਅੰਦਰ ਪੱਤਰਕਾਰੀ ਅਤੇ ਜਨ-ਸੰਚਾਰ ਲਈ ਜੀਵਨ ਭਰ ਦਾ ਜਨੂੰਨ ਪੈਦਾ ਕਰ ਦਿੱਤਾ।

ਡਾ. ਖੋਖਰ ਦੱਸਦੇ ਹਨ ਕਿ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ਪਟਿਆਲਾ ਦੀਆਂ ਉਨ੍ਹਾਂ ਗਲੀਆਂ ਤੋਂ ਹੋਈ ਹੈ, ਜਿੱਥੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਗਾਂਧੀ ਨਗਰ ਤੋਂ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਇਤਿਹਾਸ ਅਤੇ ਗਿਆਨ ਪ੍ਰਤੀ ਡੂੰਘੀ ਰੁਚੀ ਸਦਕਾ ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. (ਆਨਰਜ਼) ਅਤੇ ਐਮ.ਏ. (ਇਤਿਹਾਸ) ਦੀ ਡਿਗਰੀ ਹਾਸਲ ਕੀਤੀ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ (ਐੱਲ-ਐੱਲ.ਬੀ.) ਦੀ ਪੜ੍ਹਾਈ ਵੀ ਕੀਤੀ, ਜਿਸ ਨੇ ਉਨ੍ਹਾਂ ਦੇ ਬਹੁ-ਪੱਖੀ ਕਰੀਅਰ ਦੀ ਮਜ਼ਬੂਤ ਨੀਂਹ ਰੱਖੀ। ਡਾ. ਖੋਖਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਸਲੀ ਪਛਾਣ ਪੱਤਰਕਾਰੀ ਅਤੇ ਜਨ-ਸੰਚਾਰ ਦੀ ਦੁਨੀਆ ਵਿਚ ਮਿਲੀ। ਪੁਰਾਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹ ਸਾਲ 1993 ਦਾ ਉਹ ਸਮਾਂ ਬੜੇ ਮਾਣ ਨਾਲ਼ ਯਾਦ ਕਰਦੇ ਹਨ ਜਦੋਂ ਉਨ੍ਹਾਂ ਬਹੁਤ ਛੋਟੀ ਉਮਰ ਵਿਚ ਪੰਜਾਬੀ ਹਫ਼ਤਾਵਾਰੀ ਅਖ਼ਬਾਰ 'ਖੋਖਰ ਦੀ ਆਵਾਜ਼' ਸ਼ੁਰੂ ਕਰਨ ਦਾ ਦਲੇਰਾਨਾ ਕਦਮ ਚੁੱਕਿਆ ਅਤੇ ਇਸ ਦੇ ਸੰਪਾਦਕ, ਛਾਪਕ ਅਤੇ ਪ੍ਰਕਾਸ਼ਕ ਵਜੋਂ ਸੇਵਾ ਨਿਭਾਈ। ਉਹ ਫ਼ਖ਼ਰ ਨਾਲ਼ ਦੱਸਦੇ ਹਨ ਕਿ ਸਾਲ 1998 ਵਿਚ ਉਨ੍ਹਾਂ ਦੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਨੂੰ ਉਸ ਸਮੇਂ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਜਦੋਂ ਉਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤੀ ਸੂਚਨਾ ਸੇਵਾ (ਆਈ. ਆਈ. ਐੱਸ.-98 ਬੈਚ) ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ. ਆਈ. ਬੀ.) ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਪੱਧਰ ਦੇ ਸੰਚਾਰ ਅਤੇ ਜਨਤਕ ਮਾਮਲਿਆਂ ਵਿੱਚ ਬਹੁਮੁੱਲਾ ਤਜਰਬਾ ਹਾਸਲ ਕੀਤਾ।

ਡਾ. ਖੋਖਰ ਦੱਸਦੇ ਹਨ ਕਿ ਅਜਿਹੀਆਂ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਦੇ ਬਾਵਜੂਦ, ਉਨ੍ਹਾਂ ਦਾ ਦਿਲ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਿਹਾ। ਉਨ੍ਹਾਂ ਨੇ ਸਾਲ 2001 ਵਿਚ ਆਪਣੀ ਮਾਂ-ਸੰਸਥਾ ਦੀ ਸੇਵਾ ਕਰਨ ਲਈ ਅਕਾਦਮਿਕ ਖੇਤਰ ਵਿਚ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਵਜੋਂ ਸ਼ਾਮਲ ਹੋਏ। ਇੱਥੇ ਉਹ ਸਾਲਾਂ ਦੌਰਾਨ ਆਪਣੀ ਦ੍ਰਿੜਤਾ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਸਦਕਾ ਲਗਾਤਾਰ ਤਰੱਕੀ ਕਰਦੇ ਗਏ। ਉਹ 2014 ਵਿਚ ਇੱਥੇ ਲੋਕ ਸੰਪਰਕ ਅਧਿਕਾਰੀ ਬਣੇ ਅਤੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ ਦੇ ਇੰਚਾਰਜ ਵਜੋਂ ਵਾਧੂ ਜ਼ਿੰਮੇਵਾਰੀ ਵੀ ਨਿਭਾਈ।

ਉਹ ਦੱਸਦੇ ਹਨ ਕਿ ਉਨ੍ਹਾਂ ਦਾ ਅਕਾਦਮਿਕ ਸਫ਼ਰ ਕਦੇ ਨਹੀਂ ਰੁਕਿਆ। ਗਿਆਨ ਦੀ ਅਥਾਹ ਪਿਆਸ ਸਦਕਾ ਉਨ੍ਹਾਂ ਨੇ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਤੋਂ ਉੱਚ ਡਿਗਰੀਆਂ ਹਾਸਲ ਕੀਤੀਆਂ। ਗੁਰੂ ਜੰਬੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਤੋਂ ਮਾਸਟਰ ਆਫ਼ ਜਰਨਲਿਜ਼ਮ; ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਤੋਂ ਐਮ.ਫਿਲ. ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਅਖ਼ਬਾਰਾਂ, ਸਰਕਾਰੀ ਸੇਵਾਵਾਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚ 33 ਸਾਲਾਂ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਡਾ. ਖੋਖਰ ਇਕ ਸੱਚੇ ਸਿਖਿਆਰਥੀ ਅਤੇ ਸਮਰਪਿਤ ਲੋਕ ਸੇਵਕ ਦੀ ਮਿਸਾਲ ਹਨ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਸੰਸਥਾਵਾਂ ਨੂੰ ਤਰੱਕੀ ਲਈ ਹਮੇਸ਼ਾ ਕਾਬਲ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਅਗਵਾਈ ਦੀ ਲੋੜ ਹੁੰਦੀ ਹੈ ਅਤੇ ਮੁੱਖ ਅਹੁਦਿਆਂ 'ਤੇ ਸਮਰੱਥ ਅਧਿਕਾਰੀਆਂ ਦਾ ਹੋਣਾ ਲਾਜ਼ਮੀ ਹੈ।

ਡਾ. ਹਰਮਿੰਦਰ ਸਿੰਘ ਖੋਖਰ ਦਾ ਇਹ ਸਫ਼ਰ, ਜੋ ਇਕ ਸਥਾਨਕ ਅਖ਼ਬਾਰ ਦੀ ਸੰਪਾਦਨਾ ਤੋਂ ਲੈ ਕੇ ਭਾਰਤੀ ਸੂਚਨਾ ਸੇਵਾ ਰਾਹੀਂ ਦੇਸ਼ ਦੀ ਸੇਵਾ ਕਰਨ ਅਤੇ ਹੁਣ ਪੰਜਾਬ ਦੀ ਇਕ ਪ੍ਰਮੁੱਖ ਯੂਨੀਵਰਸਿਟੀ ਵਿਚ ਸੰਚਾਰ ਵਿਭਾਗ ਦੀ ਅਗਵਾਈ ਕਰਨ ਤੱਕ ਪੁੱਜਿਆ, ਇਸ ਗੱਲ ਦੀ ਢੁਕਵੀਂ ਮਿਸਾਲ ਹੈ ਕਿ ਨਿਰੰਤਰ ਮਿਹਨਤ, ਸਿੱਖਿਆ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਵਫ਼ਾਦਾਰੀ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਡਾ. ਖੋਖਰ ਦਾ ਕਹਿਣਾ ਹੈ ਕਿ ਅੱਜ ਦੇ ਅਜਿਹੇ ਦੌਰ ਵਿੱਚ ਅਕਸਰ ਰਾਤੋ-ਰਾਤ ਮਿਲਣ ਵਾਲ਼ੀ ਸਫਲਤਾ ਨੂੰ ਵਡਿਆਇਆ ਜਾਂਦਾ ਹੈ, ਪਰ ਉਨ੍ਹਾਂ ਦੇ ਹੱਡੀਂ ਹੰਢਾਏ ਸਫ਼ਰ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਕਦਮ-ਦਰ-ਕਦਮ, ਡਿਗਰੀ-ਦਰ-ਡਿਗਰੀ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਕੇ ਹੀ ਅਸਲ ਮਹਾਨਤਾ ਬਣਦੀ ਹੈ।


author

Gurminder Singh

Content Editor

Related News