ਕੈਨੇਡਾ ਦੇ ਇਸ ਸੂਬੇ ''ਚ ਸ਼ਰਾਬ ਪੀ ਕੇ ਗੱਡੀ ਚਲਾਉਣਾ ਨਹੀਂ ਹੋਵੇਗਾ ਅਪਰਾਧ

01/22/2018 11:04:39 PM

ਕੈਲਗਰੀ— ਐਲਬਰਟਾ 'ਚ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣਾ ਅਪਰਾਧ ਨਹੀਂ ਮੰਨਿਆ ਜਾਵੇਗਾ ਤੇ ਪੁਲਸ ਕੋਲ ਇਹ ਤਾਕਤ ਹੋਵੇਗੀ ਕਿ ਸਬੰਧਿਤ ਵਿਅਕਤੀ ਨੂੰ ਸਧਾਰਣ ਜੁਰਮਾਨਾ ਕਰਨਾ ਹੈ ਜਾਂ ਦੋਸ਼ ਆਇਦ ਕਰਨੇ ਹਨ। ਇਕ ਰਿਪੋਰਟ ਮੁਤਾਬਕ ਸ਼ਰਾਬ ਦੀ ਤੈਅਸ਼ੁਦਾ ਹੱਦ ਨੂੰ ਪਾਰ ਕਰਨ ਵਾਲਿਆਂ 'ਚੋਂ ਜ਼ਿਆਦਾਤਰ ਖਿਲਾਫ ਮੌਕੇ 'ਤੇ ਜੁਰਮਾਨਾ ਜਾਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਐਲਬਰਟਾ ਸਰਕਾਰ ਚਾਹੁੰਦੀ ਹੈ ਕਿ ਸ਼ਰਾਬੀ ਡਰਾਇਵਰਾਂ ਖਿਲਾਫ ਅਪਰਾਧ ਦੋਸ਼ ਆਇਦ ਕਰਨ ਦੀ ਬਜਾਏ ਲਾਇਸੰਸ ਦੀ ਮੁਅੱਤਲੀ ਤੇ ਜੁਰਮਾਨੇ ਵਰਗੀ ਸਜ਼ਾ ਤਹਿਤ ਕਾਰਵਾਈ ਕੀਤੀ ਜਾਵੇ।
ਇਹ ਤਬਦੀਲੀਆਂ ਐਲਬਰਟਾ ਕੋਰਟ ਆਫ ਅਪੀਲ ਦੇ ਉਸ ਫੈਸਲੇ ਮਗਰੋਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਸਬੰਧਿਤ ਮੌਜੂਦਾ ਕਾਨੂੰਨ ਨੂੰ ਰੱਦ ਕਰ ਦਿੱਤਾ ਗਿਆ ਸੀ। ਸੂਬੇ ਦੀ ਸਰਵ-ਉੱਚ ਅਦਾਲਤ ਨੇ ਮਹਿਸੂਸ ਕੀਤਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਵਿਅਕਤੀ ਦੇ ਮੁਕੱਦਮੇ ਦਾ ਫੈਸਲਾ ਆਉਣ 'ਤੇ ਲਾਇਸੰਸ ਦੀ ਮੁਅੱਤਲੀ ਨੂੰ ਇਸ ਨਾਲ ਜੋੜਨਾ ਗੈਰ-ਸੰਵਿਧਾਨਿਕ ਹੈ। ਬੀਤੇ ਸਾਲ ਮਈ 'ਚ ਅਦਾਲਤ ਨੇ ਇਕ ਫੈਸਲਾ ਸੁਣਾਉਂਦਿਆਂ ਸੂਬਾ ਸਰਕਾਰ ਨੂੰ ਨਵਾਂ ਕਾਨੂੰਨ ਲਿਆਉਣ ਲਈ ਕਿਹਾ ਸੀ। ਨਵੇਂ ਕਾਨੂੰਨਾਂ ਦੀ ਪਹਿਲੀ ਪੜ੍ਹਤ ਬੀਤੇ ਸਾਲ ਨਵੰਬਰ 'ਚ ਪਾਸ ਕਰ ਦਿੱਤੀ ਗਈ ਸੀ। ਬਿੱਲ 29 ਅਧੀਨ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਡਰਾਇਵਰ ਦਾ ਲਾਇਸੰਸ ਤਿੰਨ ਮਹੀਨੇ ਲਈ ਮੁਅੱਤਲ ਕੀਤਾ ਜਾਵੇਗਾ ਪਰ ਜੇ ਉਹ ਆਪਣਾ ਲਾਇਸੰਸ ਵਾਪਸ ਹਾਸਲ ਕਰਨਾ ਚਾਹੁੰਦਾ ਹੈ ਤਾਂ ਇਕ ਸਾਲ ਦੇ ਇੰਟਰਲਾਕ ਪ੍ਰੋਗਰਾਮ ਦਾ ਹਿੱਸਾ ਬਣਨਾ ਪਵੇਗਾ। ਜੇਕਰ ਡਰਾਇਵਰ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲਾਇਸੰਸ 12 ਮਹੀਨੇ ਵਾਧੂ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਨਵੇਂ ਕਾਨੂੰਨ ਦਾ ਮੌਜੂਦਾ ਸਰੂਪ ਸਿਰਫ ਲਾਇਸੰਸ ਮੁਅੱਤਲੀ ਵਰਗੀਆਂ ਪਾਬੰਦੀਆਂ ਦਾ ਜ਼ਿਕਰ ਕਰਦਾ ਹੈ ਪਰ ਬਿੱਲ 29 'ਚ ਅਪਰਾਧਕ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ 'ਚ 50 ਮਿਲੀ ਗ੍ਰਾਮ ਤੋਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਮਨਾਹੀ ਹੈ ਤੇ ਉਨ੍ਹਾਂ ਡਰਾਇਵਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ, ਜਿਨ੍ਹਾਂ ਦੇ ਖੂਨ 'ਚ 50 ਤੋਂ 80 ਮਿਲੀਗ੍ਰਾਮ ਇਸ ਦੀ ਮਾਤਰਾ ਦਰਜ ਕੀਤੀ ਜਾਵੇਗੀ, ਉਨ੍ਹਾਂ ਨੂੰ ਇਸ ਸਬੰਧੀ ਜੁਰਮਾਨਾ ਕੀਤਾ ਜਾਵੇਗਾ ਤੇ ਮਾਤਰਾ 80 ਮਿਲੀਗ੍ਰਾਮ ਤੋਂ ਜ਼ਿਆਦਾ ਹੋਣ ਤੇ ਡਰਾਈਵਰ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਂਦਾ ਹੈ।


Related News