ਸਾਊਥਾਲ: ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦੀ ਯੂਕੇ ਆਮਦ ''ਤੇ ਸਮਾਗਮ

Friday, Jun 03, 2022 - 12:11 PM (IST)

ਸਾਊਥਾਲ: ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦੀ ਯੂਕੇ ਆਮਦ ''ਤੇ ਸਮਾਗਮ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਾਹਿਤਕ ਮੱਸ ਰੱਖਣ ਵਾਲੇ ਸੁਹਿਰਦ ਲੋਕ ਆਪਣੀ ਸੋਚ ਦੇ ਹਾਣੀ ਲੋਕਾਂ ਨੂੰ ਮਿਲਣ ਦਾ ਕੋਈ ਮੌਕਾ ਖੁੰਝਾਉਣਾ ਬੱਜਰ ਗੁਸਤਾਖ਼ੀ ਮੰਨਦੇ ਹਨ। ਇਸੇ ਗੁਸਤਾਖ਼ੀ ਤੋਂ ਬਚਣ ਲਈ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਰਖਪੁਰ ਤੋਂ ਅੱਖਰ ਮੰਚ ਕਪੂਰਥਲਾ ਦੇ ਪ੍ਰਧਾਨ ਸ੍ਰ: ਸਰਵਣ ਸਿੰਘ ਔਜਲਾ (ਨੈਸ਼ਨਲ ਐਵਾਰਡੀ) ਕੈਨੇਡਾ ਨੂੰ ਜਾਂਦੇ ਹੋਏ ਥੋੜ੍ਹਾ ਸਮਾਂ ਆਪਣੇ ਵੱਡੇ ਵੀਰ ਸੁਰਿੰਦਰ ਸਿੰਘ ਔਜਲਾ ਦੇ ਕੋਲ ਠਹਿਰੇ। ਇਸੇ ਦੌਰਾਨ ਉਹ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਗੁਰੂਘਰ ਦਰਸ਼ਨ ਕਰਨ ਵੀ ਆਏ। ਜਿੱਥੇ ਉਨ੍ਹਾਂ ਨੂੰ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਸੋਹਣ ਸਿੰਘ ਸਮਰਾ ਅਤੇ ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ (ਪ੍ਰਗਤੀਸ਼ੀਲ ਲਿਖਾਰੀ ਸਭਾ ਸਾਊਥਾਲ) ਨੇ ਜੀ ਆਇਆਂ ਆਖਿਆ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੀ ਹਰੀਨੀ ਲੋਗਨ ਨੇ ਰਚਿਆ ਇਤਿਹਾਸ, 21 ਸ਼ਬਦਾਂ ਦਾ ਸਹੀ ਉਚਾਰਨ ਕਰ ਜਿੱਤਿਆ ਖਿਤਾਬ

ਚਾਹ ਪਾਣੀ ਉਪਰੰਤ ਸ੍ਰ: ਸਰਵਣ ਸਿੰਘ ਔਜਲਾ ਨੇ ਪ੍ਰੋ: ਕੁਲਵੰਤ ਸਿੰਘ ਔਜਲਾ ਵੱਲੋਂ ਭੇਜੀ ਉਨ੍ਹਾਂ ਦੀ ਨਵੀਂ ਕਿਤਾਬ "ਜਾਗ ਪੰਜਾਬ ਤੂੰ ਜਾਗ" ਕਮੇਟੀ ਮੈਂਬਰਾਂ ਨੂੰ ਭੇਂਟ ਕੀਤੀ। ਸੁਖਦੇਵ ਸਿੰਘ ਔਜਲਾ ਨੇ ਕਿਤਾਬ ਭੇਜਣ ਦਾ ਪ੍ਰੋ: ਕੁਲਵੰਤ ਸਿੰਘ ਔਜਲਾ ਦਾ ਅਤੇ ਕਿਤਾਬ ਲਿਆ ਕੇ ਭੇਂਟ ਕਰਨ ਦਾ ਸਰਵਣ ਸਿੰਘ ਔਜਲਾ ਦਾ ਧੰਨਵਾਦ ਕੀਤਾ ਅਤੇ ਸੁਨੇਹਾ ਦਿੱਤਾ ਕਿ ਪ੍ਰੋ: ਕੁਲਵੰਤ ਸਿੰਘ ਔਜਲਾ ਦੀਆਂ ਆਉਣ ਵਾਲੀਆਂ ਕਿਤਾਬਾਂ ਦੀ ਵੀ ਸਾਨੂੰ ਉਡੀਕ ਰਹੇਗੀ। ਇਸ ਸਮੇਂ ਬੋਲਦਿਆਂ ਸੁਖਦੇਵ ਸਿੰਘ ਔਜਲਾ ਨੇ ਕਿਹਾ ਕਿ ਲੇਖਕ ਕਿਸੇ ਵੀ ਖਿੱਤੇ ਦੀ ਧਰੋਹਰ ਹੁੰਦੇ ਹਨ। ਉਹਨਾਂ ਦੀਆਂ ਕਿਰਤਾਂ ਨੂੰ ਜੀ ਆਇਆਂ ਕਹਿਣਾ, ਪੜ੍ਹਣਾ ਅਤੇ ਚਰਚਾ ਕਰਨਾ, ਸੰਵਾਦ ਰਚਾਉਣਾ ਹਰ ਜਾਗਰੂਕ ਇਨਸਾਨ ਦਾ ਫਰਜ਼ ਬਣਦਾ ਹੈ। ਇਸ ਸਮੇਂ ਸ੍ਰ: ਕਰਨੈਲ ਸਿੰਘ ਗਿੱਲ, ਸ੍ਰ ਸਰਵਣ ਸਿੰਘ ਔਜਲਾ, ਸ੍ਰ ਸੋਹਣ ਸਿੰਘ ਸਮਰਾ, ਸ੍ਰ ਸੁਰਿੰਦਰ ਸਿੰਘ ਔਜਲਾ, ਸ੍ਰ ਸੁਖਦੇਵ ਸਿੰਘ ਔਜਲਾ, ਸ੍ਰ ਭਰਪੂਰ ਸਿੰਘ ਅਤੇ ਬੀਬੀ ਰੁਪਿੰਦਰਜੀਤ ਕੌਰ ਰੂਪ ਵਿਸੇਸ਼ ਤੌਰ 'ਤੇ ਹਾਜ਼ਰ ਸਨ।


author

Vandana

Content Editor

Related News