ਐਡੀਲੇਡ ''ਚ 30ਵੀਆਂ ਸਿੱਖ ਖੇਡਾਂ ਦੀ ਸਫਲਤਾ ਦਾ ਮਨਾਇਆ ਜਸ਼ਨ, ਹਰਮਨਪ੍ਰੀਤ ਦੀ ਰੱਜ ਕੇ ਕੀਤੀ ਗਈ ਸਿਫਤ

08/09/2017 1:20:54 PM

ਐਡੀਲੇਡ,(ਮਨਦੀਪ ਸੈਣੀ)— ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਪ੍ਰੈਲ ਮਹੀਨੇ 'ਚ ਹੋਈਆਂ ਸਿੱਖ ਖੇਡਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਅਤੇ ਖੇਡਾਂ ਵਿਚ ਤਨ, ਮਨ ਅਤੇ ਧਨ ਦਾ ਸਹਿਯੋਗ ਕਰਨ ਵਾਲਿਆਂ ਦੇ ਸਨਮਾਨ ਵਿਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਾਰਤੀ ਕ੍ਰਿਕਟ ਦੀ ਮਹਿਲਾ ਟੀਮ ਦੀ ਮਾਣਮੱਤੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਕੋਚ ਸ. ਯਾਦਵਿੰਦਰ ਸਿੰਘ ਸੋਢੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਦੱਖਣੀ ਆਸਟ੍ਰੇਲੀਆ ਵਿਖੇ ਪੱਕੇ ਤੌਰ 'ਤੇ ਆਉਣ ਲਈ ਸਾਰਿਆਂ ਵਲੋਂ ਜੀ ਆਇਆ ਕਿਹਾ ਗਿਆ। ਯਾਦਵਿੰਦਰ ਨੇ  ਨੇ ਹਰਮਨਪ੍ਰੀਤ ਦੀ ਸਿਫਤ ਕੀਤੀ। ਉਨ੍ਹਾਂ ਇਸ ਮੌਕੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਮੌਕੇ ਤਾਂ ਦੇ ਕੇ ਦੇਖਣ ਤਾਂ ਕਿ ਉਨ੍ਹਾਂ 'ਚੋਂ ਵੀ ਕੋਈ ਹੋਰ ਹਰਮਨਪ੍ਰੀਤ ਬਣ ਸਕੇ। 
ਇਸ ਪਾਰਟੀ 'ਚ ਮਾਨਯੋਗ ਮਲਟੀ ਕਲਚਰਲ ਮੰਤਰੀ ਜੋਏ ਬੈਟੀਸਨ, ਲੈਜਿਸਟਿਵ ਕੌਂਸਲ ਦੇ ਪ੍ਰੈਜ਼ੀਡੈਂਟ ਮਾਨਯੋਗ ਰੱਸਲ ਵਾਟਲੇ, ਮੈਂਬਰ ਪਾਰਲੀਮੈਂਟ ਮਾਨਯੋਗ ਡਾਨਾ ਵਾਟਲੇ, ਸੇਲਸਬਰੀ ਕੌਂਸਲ ਦੇ ਮੇਅਰ ਮਾਨਯੋਗ ਜੀਲੀਅਨ ਅਤੇ ਮੋਨਿਕਾ ਬੁਧੀਰਾਜਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਪ੍ਰਾਜੈਕਟ ਦੇ ਮੈਨੇਜਰ ਅਤੇ ਖ਼ਜ਼ਾਨਚੀ ਪ੍ਰਦੀਪ ਸਿੰਘ ਪਾਂਗਲੀ ਵਲੋਂ ਖੇਡਾਂ ਦਾ ਲੇਖਾ-ਜੋਖਾ ਜਨਤਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਤਕਰੀਬਨ 3,18,000 ਆਸਟ੍ਰੇਲੀਅਨ ਡਾਲਰ ਦੇ ਕਰੀਬ ਫੰਡ ਅਤੇ ਤਕਰੀਬਨ 70,000 ਦੇ ਮੁੱਲ ਦਾ ਰਾਸ਼ਨ-ਪਾਣੀ ਇਕੱਠਾ ਹੋਇਆ ਅਤੇ ਤਕਰੀਬਨ 60,000 ਆਸਟ੍ਰੇਲੀਅਨ ਡਾਲਰ ਦੇ ਕਰੀਬ ਬੱਚਤ ਹੋਈ ਹੈ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਪ੍ਰਬੰਧਕੀ ਟੀਮ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਪੈਸਿਆਂ ਦੀ ਵਰਤੋਂ ਦੱਖਣੀ ਆਸਟ੍ਰੇਲੀਆ 'ਚ ਸਾਡੇ ਭਾਈਚਾਰੇ ਦੀਆਂ ਖੇਡਾਂ ਦਾ ਮਿਆਰ ਉੱਚਾ ਚੁੱਕਣ 'ਚ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਬੰਧਕਾਂ ਨੇ ਸਾਰਾ ਲੇਖਾ-ਜੋਖਾ ਜਨਤਕ ਕੀਤਾ ਹੈ। ਜਿਸ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ। ਇਸ ਤੋਂ ਬਾਅਦ ਇਨ੍ਹਾਂ ਖੇਡਾਂ ਦੇ ਸਕੱਤਰ ਅਤੇ ਸੂਤਰਧਾਰ ਮਿੰਟੂ ਬਰਾੜ ਵਲੋਂ ਖੇਡਾਂ ਦੀ ਸਫਲਤਾ ਦੇ ਪਿਛੇ ਦੀ ਕਹਾਣੀ ਅਤੇ ਸਹਿਯੋਗੀ ਸੱਜਣਾਂ ਬਾਰੇ ਸੰਖੇਪ 'ਚ ਦੱਸਿਆ ਅਤੇ ਸਹਿਯੋਗ ਲਈ ਧੰਨਵਾਦ ਕੀਤਾ। 
ਇਸ ਮੌਕੇ 'ਤੇ ਬੋਲਦਿਆਂ ਮਾਨਯੋਗ ਰੱਸਲ ਵਾਟਲੇ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਈਚਾਰਾ ਦੁਨੀਆ ਲਈ ਮਿਸਾਲ ਦਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਮਾਣ ਹੈ ਕਿ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਦੀ ਵਧ ਰਹੀ ਗਿਣਤੀ ਇਕ ਚੰਗਾ ਸੰਕੇਤ ਹੈ। ਮਾਨਯੋਗ ਮਲਟੀ ਕਲਚਰਲ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਹਰ ਵਕਤ ਮਦਦ ਲਈ ਤਿਆਰ ਹੈ। ਮੋਨਿਕਾ ਬੁਧੀਰਾਜਾ ਨੇ ਸਾਰੀ ਪ੍ਰਬੰਧਕੀ ਟੀਮ ਮੋਹਨ ਨਾਗਰਾ, ਗੁਰਮੀਤ ਢਿੱਲੋਂ, ਰੁਪਿੰਦਰ ਸੰਧੂ, ਪ੍ਰਦੀਪ ਪਾਂਗਲੀ, ਬੌਬੀ ਸਾਂਭੀ, ਮਨਿੰਦਰਬੀਰ ਸਿੰਘ ਢਿੱਲੋਂ ਅਤੇ ਮਿੰਟੂ ਬਰਾੜ ਦੀ ਤਾਰੀਫ਼ ਕਰਦਿਆਂ ਆਪਣੇ ਆਪ ਨੂੰ ਇਸ ਟੀਮ ਨਾਲ ਕੰਮ ਕਰਕੇ ਵਡਭਾਗੀ ਹੋਣਾ ਮੰਨਿਆ। ਇਸ ਤੋਂ ਬਾਅਦ ਆਏ ਇਨ੍ਹਾਂ ਖ਼ਾਸ ਮਹਿਮਾਨਾਂ ਵਲੋਂ ਸਪਾਂਸਰ ਅਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਸਾਦਾ ਅਤੇ ਸ਼ਾਕਾਹਾਰੀ ਭੋਜਨ ਦਾ ਇੰਤਜ਼ਾਮ ਕੀਤਾ ਹੋਇਆ ਸੀ। 


Related News