ਟੁੱਟ ਗਿਆ ਸੀਜ਼ਫਾਇਰ ! ਹੋ ਗਈ ਏਅਰਸਟ੍ਰਾਈਕ, ਇਨ੍ਹਾਂ ਦੇਸ਼ਾਂ ਵਿਚਾਲੇ ਮੁੜ ਬਣਿਆ ਜੰਗ ਦਾ ਮਾਹੌਲ
Monday, Dec 08, 2025 - 09:14 AM (IST)
ਇੰਟਰਨੈਸ਼ਨਲ ਡੈਸਕ- ਕੁਝ ਮਹੀਨੇ ਪਹਿਲਾਂ, ਜਦੋਂ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਜੰਗ ਦਾ ਮਾਹੌਲ ਬਣ ਗਿਆ ਸੀ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਵਿਚਾਲੇ ਸੀਜ਼ਫਾਇਰ ਕਰਵਾਉਣ ਦਾ ਦਾਅਵਾ ਕੀਤਾ ਸੀ। ਪਰ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਇਕ ਵਾਰ ਫ਼ਿਰ ਤੋਂ ਵਿਗੜਦੀ ਹੋਈ ਨਜ਼ਰ ਆ ਰਹੀ ਹੈ, ਜਿੱਥੇ ਥਾਈਲੈਂਡ ਨੇ ਸੋਮਵਾਰ ਨੂੰ ਸਰਹੱਦੀ ਖੇਤਰਾਂ ਵਿੱਚ ਹਵਾਈ ਹਮਲੇ ਕੀਤੇ। ਇਹ ਨਵਾਂ ਟਕਰਾਅ ਉਸ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦਾ ਹੈ, ਜਿਸ 'ਤੇ ਦੋਵਾਂ ਦੇਸ਼ਾਂ ਨੇ ਜੁਲਾਈ ਦੀ ਲੜਾਈ ਤੋਂ ਬਾਅਦ ਅਕਤੂਬਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਦਸਤਖ਼ਤ ਕੀਤੇ ਸਨ।
ਦੋਵੇਂ ਗੁਆਂਢੀ ਦੇਸ਼ ਇੱਕ-ਦੂਜੇ 'ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਾ ਰਹੇ ਹਨ। ਥਾਈ ਫੌਜ ਦੇ ਬੁਲਾਰੇ ਮੇਜਰ ਜਨਰਲ ਵਿੰਥਾਈ ਸੁਵਾਰੇ ਨੇ ਦੱਸਿਆ ਕਿ ਕੰਬੋਡੀਆਈ ਫੌਜਾਂ ਨੇ ਕਈ ਖੇਤਰਾਂ ਵਿੱਚ ਥਾਈ ਖੇਤਰ ਵਿੱਚ ਪਹਿਲਾਂ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਇੱਕ ਥਾਈ ਸਿਪਾਹੀ ਮਾਰਿਆ ਗਿਆ ਅਤੇ ਚਾਰ ਜ਼ਖਮੀ ਹੋਏ, ਜਿਸ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਵਿੱਚ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਥਾਈਲੈਂਡ ਨੇ ਕੰਬੋਡੀਆਈ ਹਮਲਿਆਂ ਨੂੰ ਦਬਾਉਣ ਲਈ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ।
ਇਸ ਦੇ ਜਵਾਬ ਵਿੱਚ ਕੰਬੋਡੀਆ ਦੇ ਰੱਖਿਆ ਮੰਤਰਾਲੇ ਦੀ ਬੁਲਾਰਨ ਮਾਲੀ ਸੋਚੀਤਾ ਨੇ ਕਿਹਾ ਕਿ ਥਾਈ ਫੌਜ ਨੇ ਪਹਿਲਾਂ ਕੰਬੋਡੀਆਈ ਫੌਜਾਂ 'ਤੇ ਹਮਲਾ ਕੀਤਾ ਅਤੇ ਥਾਈਲੈਂਡ ਨੂੰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਸਾਰੀਆਂ ਦੁਸ਼ਮਣੀ ਵਾਲੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਜੰਗਬੰਦੀ ਖ਼ਤਰੇ ਵਿੱਚ ਆ ਗਈ ਸੀ, ਜਦੋਂ ਥਾਈ ਸੈਨਿਕ ਲੈਂਡ ਮਾਈਨਜ਼ ਨਾਲ ਜ਼ਖਮੀ ਹੋ ਗਏ ਸਨ ਅਤੇ ਦੋਵੇਂ ਧਿਰਾਂ ਇਕ ਦੂਜੇ 'ਤੇ ਇਲਜ਼ਾਮ ਲਗਾ ਰਹੀਆਂ ਸਨ। ਰਾਸ਼ਟਰਪਤੀ ਟਰੰਪ ਨੇ ਨਵੰਬਰ 'ਚ ਮੁੜ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਤਣਾਅ ਵਧਣ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਨੂੰ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੇ ਕਈ ਜੰਗਾਂ ਰੁਕਵਾਉਣ ਲਈ ਨੋਬਲ ਪੁਰਸਕਾਰ ਲਈ ਦਾਅਵਾ ਪੇਸ਼ ਕੀਤਾ ਸੀ।
