ਮਾਮਲਾ ਅੰਤਰ ਧਰਮੀ ਵਿਆਹ ਨੂੰ ਰੋਕਣ ਦਾ: 2 ਮੁਲਜ਼ਮਾਂ ਵਿਰੁੱਧ ਮੁਕੱਦਮਾ ਸ਼ੁਰੂ
Saturday, Feb 03, 2018 - 04:31 PM (IST)

ਲੰਡਨ(ਸਮਰਾ)— ਗੁਰਦੁਆਰਾ ਲੈਮਿੰਗਟਨ ਸਪਾ ਵਿਖੇ ਸਤੰਬਰ 2016 ਨੂੰ ਇਕ ਅੰਤਰ ਧਰਮੀ ਵਿਆਹ ਸਮੇਂ ਹੋਏ ਪ੍ਰਦਰਸ਼ਨ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਬਰਮਿੰਘਮ ਕਰਾਊਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਸਤੰਬਰ 2016 ਵਿਚ ਪ੍ਰਦਰਸ਼ਨਕਾਰੀ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹ ਕੇ ਅੰਦਰ ਵੜੇ ਤੇ ਪੰਜਾਬੀ ਵਿਚ ਅਪਮਾਨਜਨਕ ਸ਼ਬਦ ਬੋਲੇ। ਜਿਸ ਤੋਂ ਬਾਅਦ ਇਸ ਮਾਮਲੇ ਵਿਚ 34 ਸਾਲਾਂ ਗੁਰਸ਼ਰਨ ਸਿੰਘ, ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ, 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਕਮੇਟੀ ਮੈਂਬਰ ਭੁਪਿੰਦਰ ਸਿੰਘ ਔਜਲਾ 'ਤੇ ਉਸ ਸਮੇਂ ਹਮਲਾ ਕੀਤਾ, ਜਦ 11 ਸਤੰਬਰ ਨੂੰ 6:45 ਵਜੇ ਹੁੱਡੀਆਂ ਪਹਿਣ ਕੇ 25 ਪ੍ਰਦਰਸ਼ਕਾਰੀ ਇਮਾਰਤ ਅੰਦਰ ਦਾਖ਼ਲ ਹੋਏ। ਸਰਕਾਰੀ ਵਕੀਲ ਨੇ 38 ਸਾਲਾਂ ਕੁਲਵਿੰਦਰਬੀਰ ਸਿੰਘ ਵਾਸੀ ਟੇਲੀਹਰਸਟ ਡਰਾਈਵ ਕਵੈਂਟਰੀ 'ਤੇ ਗੁਰਦੁਆਰੇ ਵਿਚ ਨੁਕਸਾਨ ਕਰਨ ਦਾ ਦੋਸ਼ ਲਗਾਇਆ, ਜਿੱਥੇ ਦੋ ਹੋਰ ਜਨਮ ਦਿਨ ਸਮਾਗਮ ਹੋਣੇ ਸਨ। ਵਕੀਲ ਸੋਫੀ ਮਰੇ ਨੇ ਕਿਹਾ ਕਿ ਇਹ ਦੋਵੇਂ ਵਿਅਕਤੀ ਇਕ ਗਰੁੱਪ ਨਾਲ ਗੁਰਦੁਆਰਾ ਸਾਹਿਬ ਵਿਚ ਸ਼ਾਮਲ ਹੋਏ ਸਨ, ਜਿਨ੍ਹਾਂ ਦਾ ਮੁੱਖ ਮਕਸਦ ਅੰਤਰ ਧਰਮੀ ਵਿਆਹ ਨੂੰ ਰੋਕਣਾ ਸੀ। ਇਸ ਮੌਕੇ ਜਿਊਰੀ ਨੂੰ ਸੀ.ਸੀ.ਟੀ.ਵੀ. ਦੀ ਫੁਟੇਜ ਵੀ ਦਿਖਾਈ ਗਈ। ਮਾਮਲੇ ਦੀ ਸੁਣਵਾਈ ਅਜੇ ਜਾਰੀ ਹੈ।