ਆਸਟ੍ਰੇਲੀਆ: ਯੌਨ ਸ਼ੋਸ਼ਣ ਦੇ ਦੋਸ਼ਾਂ ''ਤੇ ਘਿਰੇ ਪੋਪ ਦੇ ਸਹਾਇਕ ਪੇਲ ''ਤੇ ਚੱਲਿਆ ਮੁਕੱਦਮਾ

5/1/2018 11:57:37 AM

ਮੈਲਬੌਰਨ— ਵੈਟੀਕਨ ਸਿਟੀ ਦੇ ਵਿੱਤੀ ਮੁਖੀ ਅਤੇ ਪੋਪ ਫਰਾਂਸਿਸ ਦੇ ਸਾਬਕਾ ਸਹਿਯੋਗੀ ਕਾਰਡੀਨਲ ਜਾਰਜ ਪੇਲ 'ਤੇ ਯੌਨ ਅਪਰਾਧਾਂ ਦੇ ਮਾਮਲੇ ਵਿਚ ਮੈਲਬੌਰਨ 'ਚ ਮੰਗਲਵਾਰ ਨੂੰ ਮੁਕੱਦਮਾ ਚਲਾਇਆ ਗਿਆ ਹੈ। ਪੇਲ ਕੈਥੋਲਿਨ ਚਰਚ ਦੇ ਪਹਿਲੇ ਅਜਿਹੇ ਉੱਚ ਅਧਿਕਾਰੀ ਬਣ ਗਏ ਹਨ, ਜਿਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ। ਮੈਲਬੌਰਨ ਵਿਚ ਸੁਣਵਾਈ ਦੌਰਾਨ 76 ਸਾਲਾ ਪੇਲ ਚੁੱਪ-ਚਾਪ ਖੜ੍ਹੇ ਰਹੇ। ਸੁਣਵਾਈ ਦੌਰਾਨ ਉਨ੍ਹਾਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨ ਦਾ ਹੁਕਮ ਸੁਣਾਇਆ ਗਿਆ। ਇਨ੍ਹਾਂ 'ਚੋਂ ਘੱਟੋ-ਘੱਟ ਅੱਧੇ ਦੋਸ਼ ਬੇਹੱਦ ਗੰਭੀਰ ਹਨ।
ਮੈਲਬੌਰਨ ਦੀ ਮੈਜਿਸਟ੍ਰੇਟ ਬੇਲਿੰਡਾ ਵੇਲਿੰਗਟਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਪੇਲ ਵਿਰੁੱਧ ਕਈ ਦੋਸ਼ਾਂ 'ਤੇ ਮੁਕੱਦਮਾ ਚਲਾਉਣ ਲਈ ਉੱਚਿਤ ਸਬੂਤ ਹਨ। ਬੁੱਧਵਾਰ ਭਾਵ ਕੱਲ ਪੇਲ ਨੂੰ ਫਿਰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵਿਚ ਅਦਾਲਤ 'ਚ ਪ੍ਰਵੇਸ਼ ਕਰਨ ਵਾਲੇ ਪੇਲ ਨੂੰ ਇਸ ਸ਼ਰਤ 'ਤੇ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਕਿ ਉਹ ਆਸਟ੍ਰੇਲੀਆ ਛੱਡ ਕੇ ਨਹੀਂ ਜਾਣਗੇ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਪਾਸਪੋਰਟ ਜਮਾਂ ਕਰਵਾ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਸਾਲ ਜੂਨ ਮਹੀਨੇ 'ਚ ਪੇਲ 'ਤੇ ਯੌਨ ਸ਼ੋਸ਼ਣ ਦੇ ਕਈ ਦੋਸ਼ ਲੱਗੇ ਸਨ।