ਕੈਨੇਡੀਅਨ ਪੀ. ਐੱਮ. ਟਰੂਡੋ ਨੇ ਕੈਬਨਿਟ ''ਚ ਕੀਤਾ ਫੇਰ-ਬਦਲ, ਅਮਰਜੀਤ ਸੋਹੀ ਨੂੰ ਮਿਲਿਆ ਨਵਾਂ ਵਿਭਾਗ
Friday, Jul 20, 2018 - 01:45 PM (IST)
ਟੋਰਾਂਟੋ,(ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2019 ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕੈਬਨਿਟ 'ਚ ਕੁਝ ਫੇਰਬਦਲ ਕੀਤਾ ਹੈ । ਉਨ੍ਹਾਂ ਨੇ ਪੰਜ ਨਵੇਂ ਮੰਤਰੀਆਂ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਕੈਬਨਿਟ ਵਿਚ ਹੁਣ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ। ਉਨ੍ਹਾਂ ਨੇ ਕੈਬਨਿਟ 'ਚ ਮੈਰੀ ਐੱਨਜੀ, ਜੋਨਾਥਨ ਵਿਲਕਿਨਸਨ, ਫਿਲੋਮੇਨਾ ਟਾਸੀ, ਬਿੱਲ ਬਲੇਅਰ ਅਤੇ ਪਾਬਲੋ ਰੋਡਰਿਗਜ਼ ਨੂੰ ਸ਼ਾਮਲ ਕੀਤਾ ਹੈ। ਪੀ. ਐੱਮ. ਟਰੂਡੋ ਨੇ 6 ਮੰਤਰੀਆਂ ਦੇ ਵਿਭਾਗ ਵੀ ਬਦਲੇ ਹਨ।
ਟਰੂਡੋ ਨੇ ਅਮਰਜੀਤ ਸੋਹੀ ਨੂੰ ਲੋਕ ਨਿਰਮਾਣ ਮੰਤਰਾਲੇ ਤੋਂ ਬਦਲ ਕੇ ਕੁਦਰਤੀ ਸਾਧਨ ਦਾ ਮੰਤਰਾਲਾ ਦਿੱਤਾ ਹੈ। ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਹਿਮਦ ਹੁਸੈਨ (ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ) ਦੇ ਮੰਤਰਾਲਿਆਂ ਵਿਚ ਬਦਲਾਅ ਨਹੀਂ ਕੀਤਾ ਗਿਆ। ਬਿੱਲ ਬਲੇਅਰ ਨੂੰ ਸਰਹੱਦੀ ਸੁਰੱਖਿਆ ਅਤੇ ਸੰਗਠਿਤ ਅਪਰਾਧ ਘਟਾਉਣ ਵਾਲਾ ਮੰਤਰਾਲਾ ਸੌਂਪਿਆ ਗਿਆ ਹੈ।

ਅਮਰਜੀਤ ਸੋਹੀ ਨੂੰ ਤੇਲ, ਗੈਸ ਅਤੇ ਹੋਰ ਕੁਦਰਤੀ ਸਾਧਨਾਂ ਦਾ ਅਹੁਦਾ ਮਿਲਣ 'ਤੇ ਇੰਡੋ-ਕੈਨੇਡੀਅਨ ਨੇਤਾ ਅਤੇ ਵਪਾਰੀ ਹਰਬ ਧਾਲੀਵਾਲ ਵਲੋਂ ਖੁਸ਼ੀ ਪ੍ਰਗਟ ਕੀਤੀ ਗਈ। ਉਨ੍ਹਾਂ ਸੋਹੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਉਮੀਦ ਕੀਤੀ ਕਿ ਸੋਹੀ ਭਾਰਤ ਨਾਲ ਕੁਦਰਤੀ ਸਾਧਨਾਂ ਪ੍ਰੋਗਰਾਮ 'ਤੇ ਵਧੇਰੇ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਇਸ 'ਤੇ ਵਧੇਰੇ ਧਿਆਨ ਦੇਣ। ਤੁਹਾਨੂੰ ਦੱਸ ਦੇਈਏ ਕਿ 2019 ਦੀਆਂ ਚੋਣਾਂ ਤੋਂ 15 ਮਹੀਨੇ ਪਹਿਲਾਂ ਟਰੂਡੋ ਨੇ ਆਪਣੀ ਕੈਬਨਿਟ 'ਚ ਕੁਝ ਬਦਲਾਅ ਕੀਤੇ ਹਨ ਅਤੇ ਸਭ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਫੈਸਲਾ ਸਕਾਰਾਤਮਕ ਰੰਗ ਲਿਆਵੇਗਾ। ਸੋਹੀ ਲਈ ਵੱਡੀ ਚੁਣੌਤੀ 'ਟਰਾਂਸ ਮਾਊਂਟੇਨ ਐਕਸਪੈਨਸ਼ਨ ਪ੍ਰੋਜੈਕਟ' ਨੂੰ ਅੱਗੇ ਵਧਾਉਣਾ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚਕਾਰ ਕਾਫੀ ਸਮੇਂ ਤੋਂ ਪਾਈਪਲਾਈਨ ਨੂੰ ਲੈ ਕੇ ਤਣਾਅ ਰਿਹਾ ਹੈ।
