ਜਦੋਂ 35,000 ਫੁੱਟ ਦੀ ਉਚਾਈ ’ਤੇ ਗੂੰਜੀਆਂ ਨਵਜਨਮੀ ਬੱਚੀ ਦੀਆਂ ਕਿਲਕਾਰੀਆਂ
Saturday, Jan 15, 2022 - 12:47 PM (IST)
ਦੋਹਾ/ਟੋਰਾਂਟੋ: ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਵਿਚ ਅਜਿਹਾ ਚਮਤਕਾਰ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ ਫਲਾਈਟ ਲੈਂਡ ਹੋਈ ਤਾਂ ਇਸ ਵਿਚ ਯਾਤਰੀਆਂ ਦੀ ਗਿਣਤੀ ਵੱਧ ਗਈ ਸੀ। ਦਰਅਸਲ ਇਸ ਫਲਾਈਟ ਵਿਚ ਇਕ ਬੱਚੀ ਨੇ ਜਨਮ ਲਿਆ ਸੀ। ਮਾਂ ਦੀ ਡਿਲਿਵਰੀ ਕਰਨ ਵਾਲੀ ਕੈਨੇਡੀਅਨ ਡਾਕਟਰ ਨੇ ਟਵਿੱਟਰ ’ਤੇ ਬੱਚੀ ਅਤੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਟੋਰਾਂਟੋ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ: ਆਇਸ਼ਾ ਖ਼ਤੀਬ ਵੀ ਕਤਰ ਏਅਰਵੇਜ਼ ਦੀ ਫਲਾਈਟ ਵਿਚ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਫਲਾਈਟ ਦੇ ਉਡਾਣ ਭਰਨ ਦੇ ਇਕ ਘੰਟੇ ਬਾਅਦ ਹੀ ਪਤਾ ਲੱਗਾ ਕਿ ਸਾਊਦੀ ਅਰਬ ਤੋਂ ਯੂਗਾਂਡਾ ਜਾ ਰਹੀ ਇਕ ਪ੍ਰਵਾਸੀ ਮਜ਼ਦੂਰ ਔਰਤ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਯਾਤਰਾ ਖ਼ਤਮ ਹੁੰਦੇ-ਹੁੰਦੇ ਮਾਂ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਅਤੇ ਡਾਕਟਰ ਦੇ ਨਾਮ ’ਤੇ ਉਸ ਦਾ ਨਾਮ ‘ਮਿਰੇਕਲ ਆਇਸ਼ਾ’ ਰੱਖਿਆ ਗਿਆ। ਡਾ: ਖ਼ਤੀਬ ਕਰੋਨਾ ਵਾਇਰਸ ਨਾਲ ਜੂਝ ਰਹੇ ਟੋਰਾਂਟੋ ਵਿਚ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆ ਰਹੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਖਤੀਬ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਬੱਚੀ ਦਾ ਨਾਮ ਮੇਰੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ। ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇਕ ਗੋਲਡਨ ਨੈਕਲੈਸ ਦਿੱਤਾ, ਜਿਸ ’ਤੇ ਅਰਬੀ ਵਿਚ ਆਇਸ਼ਾ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ, ‘ਮੈਂ ਸੋਚਿਆ ਕਿ ਮੈਂ ਇਹ ਨੈਕਲੈਸ ਉਸ ਨੂੰ ਦਵਾਂਗੀ ਅਤੇ ਉਸ ਕੋਲ ਉਸ ਡਾਕਟਰ ਦੀ ਨਿਸ਼ਾਨੀ ਰਹੇਗੀ, ਜਿਸ ਨੇ ਨੀਲ ਨਦੀ ਦੇ ਉਪਰ 35,000 ਫੁੱਟ ਹਵਾ ਦੀ ਉਚਾਈ ’ਤੇ ਉਸ ਨੂੰ ਜਨਮ ਦਿੱਤਾ।’ ਬੱਚੀ ਦਾ ਜਨਮ 5 ਦਸੰਬਰ ਨੂੰ ਹੋਇਆ ਸੀ ਪਰ ਖਤੀਬ ਨੇ ਉਸ ਦੀਆਂ ਤਸਵੀਰਾਂ ਹਾਲ ਹੀ ਵਿਚ ਜਾਰੀ ਕੀਤੀਆਂ ਹਨ, ਕਿਉਂਕਿ ਉਹ ਟੋਰਾਂਟੋ ਵਿਚ ਕੋਵਿਡ ਰੋਗੀਆਂ ਦੇ ਇਲਾਜ ਵਿਚ ਬਹੁਤ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।