ਬਿਨਾਂ ਤਨਖਾਹ ਦੇ ਕੰਮ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਲਈ ਅੱਗੇ ਆਏ ਕੈਨੇਡੀਅਨ

Monday, Jan 14, 2019 - 10:43 AM (IST)

ਓਟਾਵਾ (ਏਜੰਸੀ)— ਅਮਰੀਕਾ 'ਚ ਚੱਲ ਰਹੇ ਸ਼ਟ ਡਾਊਨ ਕਾਰਨ ਬਹੁਤ ਸਾਰੇ ਅਮਰੀਕੀ ਅਧਿਕਾਰੀ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹਨ। ਅਜਿਹੇ 'ਚ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਲਈ ਪਿੱਜ਼ੇ ਖਰੀਦੇ। ਕੈਨੇਡੀਅਨ ਹਵਾਈ ਆਵਾਜਾਈ ਕੰਟਰੋਲ ਨੇ ਅਮਰੀਕਾ 'ਚ ਸਰਕਾਰੀ ਕੰਮਕਾਜ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਆਪਣੇ ਹਮਰੁਤਬਾ ਅਮਰੀਕੀ ਸਾਥੀਆਂ ਲਈ ਪਿੱਜ਼ੇ ਖਰੀਦ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।

PunjabKesari
ਰਾਸ਼ਟਰੀ ਮੀਡੀਆ ਪ੍ਰਬੰਧਕ ਰੋਨ ਸਿੰਗਰ ਨੇ ਐਤਵਾਰ ਨੂੰ ਦੱਸਿਆ ਕਿ ਇਹ ਪਹਿਲ ਉਸ ਸਮੇਂ ਸ਼ੁਰੂ ਹੋਈ ਜਦ ਐਡਮੋਂਟਨ ਦੇ ਕੰਟਰੋਲ ਕੇਂਦਰ ਨੇ ਯੂਟਾ ਦੀ ਸਾਲਟ ਲੇਕ ਸਿਟੀ ਅਤੇ ਅਲਾਸਕਾ ਦੇ ਐਂਕੋਰੇਜ ਦੇ ਕੰਟਰੋਲ ਲਈ ਪਿੱਜ਼ਾ ਖਰੀਦਣ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ। ਇਸ ਦੇ ਬਾਅਦ ਕੈਨੇਡਾ ਦੇ ਸਾਰੇ 7 ਕੰਟਰੋਲ ਕੇਂਦਰਾਂ ਅਤੇ ਕਈ ਟਾਵਰ ਇਸ ਪਹਿਲ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਰਹੱਦ 'ਤੇ ਕੰਮ ਕਰ ਰਹੇ ਆਪਣੇ ਅਮਰੀਕੀ ਹਮਰੁਤਬਾ ਅਧਿਕਾਰੀਆਂ ਲਈ ਪਿੱਜ਼ੇ ਖਰੀਦੇ। ਇਨ੍ਹਾਂ 'ਚੋਂ ਕਈ ਅਮਰੀਕੀ ਕਰਮਚਾਰੀਆਂ ਨੇ ਸੋਸ਼ਲ ਮੀਡੀਆ 'ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਤਕਰੀਬਨ 10,000 ਹਵਾਈ ਅਧਿਕਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ।


Related News