ਕੈਨੇਡਾ ਦਾ ਚੀਨ 'ਤੇ ਵੱਡਾ ਵਾਰ! EVs 'ਤੇ ਲਾਇਆ 100 ਫੀਸਦੀ ਵਾਧੂ ਟੈਕਸ
Monday, Aug 26, 2024 - 09:03 PM (IST)
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ 'ਤੇ ਵਾਧੂ ਟੈਰਿਫ ਲਗਾਏਗਾ। ਇਹ ਬਿਲਕੁੱਲ ਉਸੇ ਤਰ੍ਹਾਂ ਦੀ ਪਹਿਲਕਦਮੀ ਹੈ ਜਿਸ ਨੂੰ ਅਮਰੀਕਾ ਪਹਿਲਾਂ ਹੀ ਗੈਰ-ਉਚਿਤ ਤੌਰ 'ਤੇ ਸਰਕਾਰੀ ਸਬਸਿਡੀ ਵਾਲੀਆਂ ਕਾਰਾਂ ਦੇ ਹੜ੍ਹ ਨੂੰ ਰੋਕਣ ਲਾ ਚੁੱਕਾ ਹੈ।
ਟਰੂਡੋ ਨੇ ਹੈਲੀਫੈਕਸ ਵਿਚ ਫੈਡਰਲ ਕੈਬਿਨੇਟ ਰਿਟਰੀਟ ਵਿਚ ਇਹ ਐਲਾਨ ਕੀਤਾ, ਜਿੱਥੇ ਮੰਤਰੀ ਅਗਲੇ ਸਾਲ ਲਈ ਇੱਕ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਕਰ ਰਹੇ ਸਨ। ਦੱਸ ਦਈਏ ਕਿ ਅਗਲੇ ਸਾਲ ਅਕਤੂਬਰ ਵਿਚ ਕੈਨੇਡਾ ਵਿਚ ਫੈਡਰਲ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਦਾ ਇਹ ਐਲਾਨ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਹੈ ਜਦੋਂ ਜੋਅ ਬਿਡੇਨ ਦੇ ਸੁਰੱਖਿਆ ਸਲਾਹਕਾਰ ਚੀਨ ਦਾ ਦੌਰਾ ਕਰਨ ਵਾਲੇ ਹਨ।
ਯੂਐੱਸ ਪ੍ਰੋਗਰਾਮ ਦੀ ਨਕਲ ਕਰਨ ਲਈ ਉਦਯੋਗ ਦੇ ਦਬਾਅ ਦੇ ਵਿਚਕਾਰ, ਟਰੂਡੋ ਨੇ ਕਿਹਾ ਕਿ 1 ਅਕਤੂਬਰ ਤੋਂ ਪ੍ਰਭਾਵੀ ਸਾਰੇ ਚੀਨੀ-ਨਿਰਮਿਤ ਈਵੀਜ਼ 'ਤੇ 100 ਫੀਸਦੀ ਵਾਧੂ ਟੈਕਸ ਲਗਾਇਆ ਜਾਵੇਗਾ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਕਾਮਿਆਂ ਬਰਾਬਰ ਮੌਕਾ ਦੇਣ ਤੇ ਕੈਨੇਡਾ ਦੇ ਨਵੀਨਤਮ ਈਵੀ ਉਦਯੋਗ ਨੂੰ ਘਰ, ਉੱਤਰੀ ਅਮਰੀਕਾ ਅਤੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਯੋਗ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਹ ਟੈਰਿਫ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਯਾਤਰੀ ਵਾਹਨਾਂ, ਟਰੱਕਾਂ, ਬੱਸਾਂ ਅਤੇ ਡਿਲੀਵਰੀ ਵੈਨਾਂ 'ਤੇ ਲਾਗੂ ਹੋਵੇਗਾ। ਵੱਖਰੇ ਤੌਰ 'ਤੇ ਟਰੂਡੋ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਫੈਡਰਲ ਸਰਕਾਰ 15 ਅਕਤੂਬਰ, 2024 ਤੋਂ ਪ੍ਰਭਾਵੀ, ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੀ ਦਰਾਮਦ 'ਤੇ 25 ਫੀਸਦੀ ਵਾਧੂ ਟੈਕਸ ਲਾਗੂ ਕਰੇਗੀ।