ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਦਾ ਬਿਆਨ ਆਇਆ ਸਾਹਮਣੇ

03/17/2023 1:08:39 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਨਾਲ ਸਬੰਧਤ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਵੀਜ਼ਾ ਦਸਤਾਵੇਜ਼ ਫਰਜ਼ੀ ਨਿਕਲੇ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਲਗਭਗ 700 ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ ਸੀ। ਸੀਬੀਐਸਏ ਨੇ ਅਜਿਹੀਆਂ ਰਿਪੋਰਟਾਂ ਦੀ ਸੱਚਾਈ ਨੂੰ ਨਕਾਰਿਆ ਹੈ। 

CBSA ਦੀ ਬੁਲਾਰਨ ਮਾਰੀਆ ਲਾਡੋਸਰ ਨੇ ਕਿਹਾ ਕਿ “ਕਿਸੇ ਵਿਅਕਤੀ ਦੀ ਇਮੀਗ੍ਰੇਸ਼ਨ ਜਾਣਕਾਰੀ ਨੂੰ ਨਿੱਜੀ ਮੰਨਿਆ ਜਾਂਦਾ ਹੈ ਅਤੇ ਪ੍ਰਾਏਵੇਸੀ ਐਕਟ ਦੁਆਰਾ ਇਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਖਾਸ ਕੇਸਾਂ ਜਾਂ ਵਿਅਕਤੀਆਂ ਬਾਰੇ CBSA ਕੀ ਕਹਿ ਸਕਦਾ ਹੈ ਜਾਂ ਕੀ ਨਹੀਂ ਕਹਿ ਸਕਦਾ ਹੈ, ਇਸ ਬਾਰੇ ਬਹੁਤ ਸਖਤ ਮਾਪਦੰਡ ਹਨ।” ਜਿਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਮਿਲੇ ਸਨ, ਉਨ੍ਹਾਂ ਨੇ ਕਿਹਾ ਕਿ ਸਹੀ ਗਿਣਤੀ ਕਿਸੇ ਨੂੰ ਨਹੀਂ ਪਤਾ। ਅੰਮ੍ਰਿਤਸਰ ਦਾ ਇਕ ਵਸਨੀਕ ਜੋ ਕਿ 2019 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਪਰਵਾਸ ਕਰ ਗਿਆ ਸੀ, ਨੇ ਦੱਸਿਆ ਕਿ “ਅਸੀਂ ਪ੍ਰਭਾਵਿਤ ਵਿਦਿਆਰਥੀਆਂ ਦਾ ਇੱਕ ਵਟਸਐਪ ਗਰੁੱਪ ਬਣਾਇਆ ਹੈ। ਜਿਸ ਵਿਚ ਸਿਰਫ਼ 70 ਵਿਦਿਆਰਥੀ ਹੀ ਇਸ ਗਰੁੱਪ ਦੇ ਮੈਂਬਰ ਹਨ। ਹਾਲਾਂਕਿ ਇਹ ਗਿਣਤੀ ਜ਼ਿਆਦਾ ਹੋ ਸਕਦੀ ਹੈ ਪਰ 700 ਵਿਦਿਆਰਥੀਆਂ ਨਾਲ ਸਬੰਧਤ ਕੋਈ ਡਾਟਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨੋਟਿਸ ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਮਿਲੇ ਸਨ। ਫਰੀਦਕੋਟ ਦੀ ਇਕ ਵਿਦਿਆਰਥਣ, ਜਿਸ ਨੇ 2021 ਵਿੱਚ ਸਥਾਈ ਨਿਵਾਸ (PR) ਲਈ ਅਰਜ਼ੀ ਦਿੱਤੀ ਸੀ, ਨੋਟਿਸ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਵਿਦਿਆਰਥੀ ਸੀ। ਕਾਨੂੰਨੀ ਲੜਾਈ ਤੋਂ ਬਾਅਦ ਉਸ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਦੇ ਕੇਸ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਸੀ। ਅੰਮ੍ਰਿਤਸਰ ਦੇ ਮੱਤੇਵਾਲ ਪਿੰਡ ਦੇ ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਟ੍ਰੈਵਲ ਏਜੰਟ ਦੀ ਅਗਵਾਈ ਵਾਲੀ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼, ਜਲੰਧਰ ਰਾਹੀਂ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ। ਉਸਨੇ ਕਿਹਾ ਕਿ ਉਸਨੇ ਕਾਲਜ ਲਈ ਦਾਖਲਾ ਫੀਸ ਅਤੇ ਸਕਿਓਰਿਟੀ ਡਿਪਾਜ਼ਿਟ ਸਮੇਤ ਲਗਭਗ 15 ਲੱਖ ਰੁਪਏ ਅਦਾ ਕੀਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਸੁਰੱਖਿਆ ਚਿੰਤਾਵਾਂ ਵਿਚਕਾਰ ਚੁੱਕਿਆ ਕਦਮ, ਸੰਸਦ ਮੈਂਬਰਾਂ ਦੇ ਫੋਨ 'ਚ TikTok 'ਤੇ ਲਗਾਈ ਪਾਬੰਦੀ 

ਵਿਦਿਆਰਥੀ ਨੇ ਦੱਸਿਆ ਕਿ ਮਕੈਨੀਕਲ ਇੰਜਨੀਅਰਿੰਗ ਵਿੱਚ ਤਿੰਨ ਸਾਲਾਂ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਸਨੇ 2022 ਵਿੱਚ ਪੀਆਰ ਲਈ ਅਰਜ਼ੀ ਦਿੱਤੀ ਸੀ। ਉਸ ਨੇ ਦੱਸਿਆ ਕਿ“ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸੀਬੀਐਸਏ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਦਾਖਲਾ ਪੱਤਰ ਜਾਅਲੀ ਪਾਏ ਗਏ। ਦੇਸ਼ ਨਿਕਾਲੇ ਦਾ ਨੋਟਿਸ ਅਪ੍ਰੈਲ 2022 ਵਿੱਚ ਭੇਜਿਆ ਗਿਆ ਸੀ। ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਅਦਾਲਤ ਵਿੱਚ ਕੇਸ ਲੜ ਰਿਹਾ ਹੈ”। ਗੁਰਦਾਸਪੁਰ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ “ਇਹ ਧੋਖਾਧੜੀ ਹੁਣ ਸਾਹਮਣੇ ਆ ਗਈ ਹੈ। ਕੈਨੇਡੀਅਨ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਆਫਰ ਲੈਟਰ ਫਰਜ਼ੀ ਪਾਏ ਜਾਣ ਤੋਂ ਬਾਅਦ ਭਾਰਤ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਜਲੰਧਰ ਦੇ ਇਕ ਟ੍ਰੈਵਲ ਏਜੰਟ ਰਾਹੀਂ ਅਪਲਾਈ ਕੀਤਾ ਸੀ।

ਇਸ ਦੌਰਾਨ ਟ੍ਰੈਵਲ ਏਜੰਟ ਨੇ ਆਪਣਾ ਦਫ਼ਤਰ ਬੰਦ ਕਰ ਦਿੱਤਾ ਹੈ। ਜਿਸ ਇਮਾਰਤ ਵਿੱਚ ਦਫ਼ਤਰ ਸਥਿਤ ਸੀ, ਉਸ ਦੇ ਮਾਲਕ ਨੇ ਕਿਹਾ ਕਿ “ਏਜੰਟ ਨੇ ਇਮਾਰਤ ਵਿੱਚੋਂ ਸਾਰੇ ਹੋਰਡਿੰਗ ਹਟਾ ਦਿੱਤੇ ਹਨ। ਦਫ਼ਤਰ ਪਿਛਲੇ 10 ਦਿਨਾਂ ਤੋਂ ਬੰਦ ਪਿਆ ਹੈ। ਜਲੰਧਰ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਏਜੰਟ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News