ਕੈਨੇਡਾ ਸਰਕਾਰ ਨੇ ਦੀਵਾਲੀ ਮੌਕੇ ਜਾਰੀ ਕੀਤਾ ਵਿਸ਼ੇਸ਼ 'ਡਾਕ ਟਿਕਟ', ਜਾਣੋ ਖ਼ਾਸੀਅਤ

Friday, Nov 10, 2023 - 12:00 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਨੇ ਵੀਰਵਾਰ ਨੂੰ ਦੀਵਾਲੀ ਮੌਕੇ ਨਵਾਂ ਡਾਕ ਟਿਕਟ ਜਾਰੀ ਕੀਤਾ। ਕੈਨੇਡਾ 'ਚ ਹਿੰਦੂ, ਬੋਧੀ, ਜੈਨ ਅਤੇ ਸਿੱਖ ਭਾਈਚਾਰਿਆਂ ਦੇ ਲੋਕ ਵੱਡੇ ਪੱਧਰ 'ਤੇ ਦੀਵਾਲੀ ਮਨਾਉਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਵਲੋਂ ਦੀਵਾਲੀ ਮੌਕੇ ਡਾਕ ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਡਾਕ ਟਿਕਟ ਕੈਨੇਡੀਅਨ ਡਾਕ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।

ਡਾਕ ਟਿਕਟ ਦੀ ਖ਼ਾਸੀਅਤ

ਇਸ ਸਟੈਂਪ ਨੂੰ ਕ੍ਰਿਸਟੀਨ ਡੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ 'ਤੇ ਚਿੱਤਰਕਾਰੀ ਰੇਨਾ ਚੇਨ ਨੇ ਕੀਤੀ ਹੈ। ਡਾਕ ਟਿਕਟ ਜਾਰੀ ਕਰਦਿਆਂ ਕੈਨੇਡੀਅਨ ਡਾਕ ਵਿਭਾਗ ਨੇ ਕਿਹਾ ਕਿ ਇਹ ਡਾਕ ਟਿਕਟ 'ਤੋਰਨ' ਤੋਂ ਪ੍ਰੇਰਿਤ ਹੈ, ਜੋ ਦੀਵਾਲੀ ਮੌਕੇ ਘਰਾਂ ਅਤੇ ਮੰਦਰਾਂ ਦੇ ਪ੍ਰਵੇਸ਼ ਦੁਆਰ 'ਤੇ ਲਗਾਇਆ ਜਾਂਦਾ ਹੈ। ਇਸ ਡਾਕ ਟਿਕਟ ਵਿੱਚ ਪੀਲੇ ਅਤੇ ਸੰਤਰੀ ਰੰਗ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ ਮੈਰੀਗੋਲਡ ਫੁੱਲ ਅਤੇ ਹਰੇ ਅੰਬ ਦੇ ਪੱਤਿਆਂ ਨੂੰ ਵੀ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਡਾਕ ਟਿਕਟ 'ਤੇ ਦੀਵੇ ਵੀ ਦਿਖਾਏ ਗਏ ਹਨ। ਇਹ ਡਾਕ ਟਿਕਟ ਇੱਕ ਵਿਸ਼ੇਸ਼ ਬੁੱਕਲੇਟ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਦੀ ਕੀਮਤ 5.52 ਕੈਨੇਡੀਅਨ ਡਾਲਰ ਜਾਂ ਲਗਭਗ 340 ਰੁਪਏ ਰੱਖੀ ਗਈ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਖਿਰਕਾਰ ਹਰਕਤ 'ਚ ਆਇਆ ਕੈਨੇਡਾ, Air India ਨੂੰ ਉਡਾਉਣ ਦੀ ਧਮਕੀ ਦੀ ਹੋਵੇਗੀ ਜਾਂਚ

ਤੁਹਾਨੂੰ ਦੱਸ ਦੇਈਏ ਕਿ ਇਹ ਲਗਾਤਾਰ ਪੰਜਵਾਂ ਸਾਲ ਹੈ, ਜਦੋਂ ਕੈਨੇਡੀਅਨ ਡਾਕ ਵਿਭਾਗ ਨੇ ਦੀਵਾਲੀ ਮੌਕੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਹੈ। ਕੈਨੇਡਾ 'ਚ ਦੀਵਾਲੀ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿੱਚ ਪਿਛਲੇ ਹਫ਼ਤੇ ਤੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਬੁੱਧਵਾਰ ਨੂੰ ਵੀ ਪਾਰਲੀਮੈਂਟ ਹਿੱਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰੇ ਅਤੇ ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਸੰਜੇ ਕੁਮਾਰ ਵਰਮਾ ਆਦਿ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਯੋਜਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਟੌਡ ਡੋਹਰਟੀ ਦੁਆਰਾ ਕੀਤਾ ਗਿਆ ਸੀ। ਪਾਰਲੀਮੈਂਟ ਹਿੱਲ 'ਤੇ ਰਾਸ਼ਟਰੀ ਦੀਵਾਲੀ ਜਸ਼ਨ ਦਾ ਇਹ 23ਵਾਂ ਸਾਲ ਹੈ ਤੇ ਇਹ ਸਮਾਗਮ 2000 ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਬੀਤੇ ਐਤਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੀਵਾਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪਾਰਲੀਮੈਂਟ ਹਿੱਲ ਵਿਖੇ ਹੋਏ ਇਸ ਸਮਾਗਮ ਦਾ ਆਯੋਜਨ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News