ਕੈਨੇਡਾ ਨੇ ਦਿੱਤਾ ਤੋਹਫਾ, ਮਾਪਿਆਂ ਨੂੰ ਸਪਾਂਸਰ ਕਰਨ ਵਾਲਿਆਂ ਲਈ ਖੁਸ਼ਖਬਰੀ
Sunday, Aug 12, 2018 - 03:37 PM (IST)
ਟੋਰਾਂਟੋ— ਕੈਨੇਡਾ ਸਰਕਾਰ ਨੇ ਮਾਪਿਆਂ ਨੂੰ ਸਪਾਂਸਰ ਕਰਨ ਦੀ ਗਿਣਤੀ ਵਧਾ ਕੇ 17,000 ਕਰ ਦਿੱਤੀ ਹੈ, ਇਸ ਤੋਂ ਪਹਿਲਾਂ ਇਹ ਗਿਣਤੀ 10,000 ਸੀ। ਸਰਕਾਰ ਵਲੋਂ ਅਹਿਮ ਫੈਸਲਾ ਲੈਣ ਨਾਲ ਇੱਥੇ ਰਹਿਣ ਵਾਲਿਆਂ ਦੇ ਚਿਹਰੇ ਖਿੜ੍ਹ ਗਏ ਹਨ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਯੋਗ ਬਿਨੈਕਾਰਾਂ ਲਈ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸਪਾਂਸਰ ਕਰਨ ਦੀ ਗਿਣਤੀ 10,000 ਤੋਂ ਵਧਾ ਕੇ 17,000 ਕਰ ਦਿੱਤੀ ਗਈ ਹੈ। ਇਸ ਤਹਿਤ ਕੈਨੇਡਾ ਵਾਸੀਆਂ ਕੋਲ ਮੌਕਾ ਹੈ ਕਿ ਉਹ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੂੰ ਇੱਥੇ ਸਪਾਂਸਰ ਕਰ ਸਕਦੇ ਹਨ।
ਇਸ ਪ੍ਰੋਗਰਾਮ ਅਧੀਨ ਉਨ੍ਹਾਂ ਲੋਕਾਂ ਨੂੰ ਪਹਿਲਾਂ ਲਾਭ ਦਿੱਤਾ ਜਾਵੇਗਾ, ਜਿਨ੍ਹਾਂ ਨੇ 2 ਜਨਵਰੀ ਤੋਂ 1 ਫਰਵਰੀ, 2018 ਦੇ ਤਕ ਖੋਲ੍ਹੀਆਂ ਗਈਆਂ ਅਰਜ਼ੀਆਂ ਦੌਰਾਨ ਸਪਾਂਸਰਸ਼ਿਪ ਲਈ ਇੱਛਾ ਜ਼ਾਹਰ ਕੀਤੀ ਸੀ। ਸਰਕਾਰ ਲਾਟਰੀ ਸਿਸਟਮ ਤਹਿਤ ਬਿਨੈਕਾਰਾਂ ਦੇ ਨਾਂ ਚੁਣੇਗੀ ਅਤੇ ਇਛੁੱਕ ਲੋਕ ਕੈਨੇਡਾ ਜਾਣ ਲਈ ਅਪਲਾਈ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ ਲਾਟਰੀ ਨਿਕਲਣ ਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ-ਅੰਦਰ ਅਰਜ਼ੀ ਦਾ ਪੂਰਾ ਸੈੱਟ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਹੀ ਬਿਨੈਕਾਰ ਕੈਨੇਡਾ ਆਉਣ ਲਈ ਯੋਗ ਹੁੰਦਾ ਹੈ।