ਯੂਕ੍ਰੇਨ ਤਣਾਅ ਦਰਮਿਆਨ ਕੈਨੇਡਾ ਨੇ ਵੀ ਰੂਸ 'ਤੇ ਲਾਈਆਂ ਪਾਬੰਦੀਆਂ
Wednesday, Feb 23, 2022 - 02:12 PM (IST)
ਓਟਾਵਾ (ਵਾਰਤਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕ੍ਰੇਨ ਦੇ ਦੋ ਖੇਤਰਾਂ ਨੂੰ ਆਜ਼ਾਦ ਰਾਜਾਂ ਵਜੋਂ ਮਾਨਤਾ ਦੇਣ ਅਤੇ ਰੂਸੀ ਫ਼ੌਜਾਂ ਨੂੰ ਪੂਰਬੀ ਯੂਕ੍ਰੇਨ ਵਿੱਚ ਭੇਜਣ ਤੋਂ ਬਾਅਦ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਟਰੂਡੋ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਰੂਸ ਦੀਆਂ ਸੋਮਵਾਰ ਦੀਆਂ ਕਾਰਵਾਈਆਂ ਨੂੰ "ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਤਹਿਤ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ" ਦੱਸਿਆ।ਉਹਨਾਂ ਨੇ ਕਿਹਾ ਕਿ ਕੈਨੇਡਾ ਯੂਕ੍ਰੇਨ ਵਿੱਚ ਦਾਖਲ ਹੋਣ ਦੇ ਆਦੇਸ਼ ਸਮੇਤ ਰੂਸੀ ਫ਼ੌਜੀ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਇਹ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਸਪੱਸ਼ਟ ਉਲੰਘਣਾ ਹੈ। ਇਹ ਇੱਕ ਪ੍ਰਭੂਸੱਤਾ ਸੰਪੰਨ ਰਾਜ 'ਤੇ ਹਮਲਾ ਹੈ ਜੋ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ 'ਤੇ ਪਾਬੰਦੀਆਂ ਲਗਾਉਣ ਦੀ ਅਗਵਾਈ ਕਰ ਰਿਹੈ ਭਾਰਤੀ-ਅਮਰੀਕੀ ਆਰਥਿਕ ਸਲਾਹਕਾਰ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸਾਰੇ ਕੈਨੇਡੀਅਨਾਂ 'ਤੇ 'ਲੁਹਾਨਸਕ ਅਤੇ ਡੋਨੇਟਸਕ ਦੇ ਤਥਾਕਥਿਤ ਸੁਤੰਤਰ ਦੇਸ਼ਾਂ ਨਾਲ ਵਿੱਤੀ ਲੈਣ-ਦੇਣ' ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾਈ ਜਾਵੇਗੀ। ਕੈਨੇਡਾ ਉਨ੍ਹਾਂ ਰੂਸੀ ਸੰਸਦ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਏਗਾ ਜਿਨ੍ਹਾਂ ਨੇ ਲੁਹਾਂਸਕ ਅਤੇ ਡੋਨੇਟਸਕ ਅਤੇ ਦੋ ਰਾਜ-ਸਮਰਥਿਤ ਰੂਸੀ ਬੈਂਕਾਂ ਨੂੰ ਮਾਨਤਾ ਦੇਣ ਲਈ ਵੋਟ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਜਿਹੜੀਆਂ ਪਾਬੰਦੀਆਂ ਅਤੇ ਵਾਧੂ ਫ਼ੌਜੀ ਸਹਾਇਤਾ ਦਾ ਐਲਾਨ ਕਰ ਰਹੇ ਹਾਂ, ਉਹ ਪਹਿਲੇ ਕਦਮ ਹਨ ਜੋ ਕੈਨੇਡਾ ਰੂਸ ਦੇ ਬੇਲੋੜੇ ਹਮਲੇ ਨੂੰ ਰੋਕਣ ਲਈ ਚੁੱਕੇਗਾ। ਰੂਸ ਦੀਆਂ ਕਾਰਵਾਈਆਂ ਦੇ ਗੰਭੀਰ ਨਤੀਜੇ ਹੋਣਗੇ। ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ, ਅਸੀਂ ਯੂਕ੍ਰੇਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸੁਤੰਤਰਤਾ ਦਾ ਸਮਰਥਨ ਕਰਨ ਲਈ ਨਿਰਣਾਇਕ ਕਾਰਵਾਈ ਕਰਨਾ ਜਾਰੀ ਰੱਖਾਂਗੇ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕਰੇਨ ਤਣਾਅ ਦਰਮਿਆਨ ਕੈਨੇਡਾ ਦਾ ਵੱਡਾ ਕਦਮ, ਪੂਰਬੀ ਯੂਰਪ 'ਚ ਹੋਰ ਸੈਨਿਕ ਕੀਤੇ ਤਾਇਨਾਤ
ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਖਿੱਤੇ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਸਮਰਥਨ ਕਰਨ ਲਈ ਵਾਧੂ ਫ਼ੌਜੀ ਯੋਗਦਾਨ ਭੇਜੇਗਾ। ਕੈਨੇਡਾ 'ਨਾਟੋ' ਦੇ ਸਮਰਥਨ 'ਚ ਮੌਜੂਦਾ ਸਮੇਂ 'ਚ ਯੂਰਪ 'ਚ ਤਾਇਨਾਤ ਲਗਭਗ 800 ਸੈਨਿਕਾਂ ਤੋਂ ਇਲਾਵਾ '460 ਕਰਮਚਾਰੀ' ਮੁਹੱਈਆ ਕਰਵਾਏਗਾ। ਮੰਗਲਵਾਰ ਨੂੰ ਕੈਨੇਡਾ ਨੇ ਯੂਕ੍ਰੇਨ ਨੂੰ ਆਪਣੀ ਦੂਜੀ ਘਾਤਕ ਫੌਜੀ ਸਹਾਇਤਾ ਦਿੱਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ, ਜਰਮਨੀ, ਅਮਰੀਕਾ ਅਤੇ ਬ੍ਰਿਟੇਨ ਨੇ ਰੂਸ 'ਤੇ ਪਾਬੰਦੀਆਂ ਲਗਾ ਚੁੱਕੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।