ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ
Thursday, Apr 15, 2021 - 05:42 PM (IST)
ਓਟਾਵਾ: ਕੈਨੇਡਾ ਨੇ ਦੇਸ਼ ’ਚ ਰਹਿਣ ਵਾਲੇ ਪ੍ਰਵਾਸੀ ਲੋਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੇਵਾਵਾਂ ਦੇਣ ਵਾਲੇ 90,000 ਵਿਦਿਆਰਥੀਆਂ, ਵਿਦੇਸ਼ੀ ਕਿਰਤੀਆਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੋਗਰਾਮ 6 ਮਈ ਤੋਂ ਲਾਗੂ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਇਸ ਸਾਲ ਕੈਨੇਡਾ ’ਚ 4 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਸਵਾਗਤ ਦਾ ਟੀਚਾ ਹੈ। ਇਸ ਨਵੀਂ ਨੀਤੀ ਨਾਲ ਵੱਡੀ ਗਿਣਤੀ ’ਚ ਕੈਨੇਡਾ ’ਚ ਵਸਦੇ ਕੱਚੇ ਭਾਰਤੀ ਵਿਦਿਆਰਥੀਆਂ ਤੇ ਕਿਰਤੀਆਂ ਨੂੰ ਵੀ ਲਾਭ ਹੋਵੇਗਾ। ਇਸ ਨੀਤੀ ਦੇ ਤਹਿਤ ਕੈਨੇਡਾ ’ਚ ਸਿੱਖਿਆ ਹਾਸਲ ਕਰ ਚੁੱਕੇ 40,000 ਭਾਰਤੀ ਵਿਦਿਆਰਥੀਆਂ ਨੂੰ ਪੱਕਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਉਭਰਣ ਲਈ ਪ੍ਰਵਾਸੀਆਂ ਨੇ ਸ਼ਾਨਦਾਰ ਯੋਗਦਾਨ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਨਵੀਂਆਂ ਨੀਤੀਆਂ ਨਾਲ ਕੈਨੇਡਾ ’ਚ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਵਾਲੇ ਕੱਚੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਇਹ ਦੇਸ਼ ਦੇ ਆਰਥਿਕ ਸੁਧਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਬਿਹਤਰ ਨਿਰਮਾਣ ’ਚ ਮਦਦ ਕਰਨਗੇ। ਇਮੀਗ੍ਰੇਸ਼ਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ’ਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : ਕੈਨੇਡਾ-ਅਮਰੀਕਾ ਬਾਰਡਰ ਤੋਂ ਭਾਰਤੀ ਮੂਲ ਦਾ ਟਰੱਕ ਡਰਾਈਵਰ 62 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ
ਮੌਜੂਦਾ ਸਮੇਂ ’ਚ ਕੈਨੇਡਾ ’ਚ ਕੁਲ ਵਿਦੇਸ਼ੀ ਵਿਦਿਆਰਥੀਆਂ ’ਚੋਂ ਇਕ ਤਿਹਾਈ ਭਾਰਤੀ
ਕੈਨੇਡਾ ’ਚ ਮੌਜੂਦਾ ਸਮੇਂ ’ਚ ਕੁਲ 6,42,480 ਵਿਦੇਸ਼ੀ ਵਿਦਿਆਰਥੀ ਪੜ ਰਹੇ ਹਨ, ਜਿਨ੍ਹਾਂ ’ਚ ਭਾਰਤੀ ਵਿਦਿਆਰਥੀ ਦੀ ਗਿਣਤੀ 2,19,855 ਹੈ। ਇਥੇ ਲਗਭਗ ਇਕ ਤਿਹਾਈ ਵਿਦਿਆਰਥੀ ਭਾਰਤੀ ਹਨ। ਕੈਨੇਡਾ ’ਚ ਕਿਉਂਕਿ ਭਾਰਤੀ ਵਿਦਿਆਰਥੀਆਂ ਨੂੰ ਹਫਤੇ ’ਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਇਸ ਲਈ ਸਥਾਨਕ ਭਾਈਚਾਰੇ ਦੇ ਕਈ ਲੋਕ ਰੇਡੀਓ ਤੇ ਟੀ. ਵੀ. ਟਾਕ ਸ਼ੋਅ ’ਚ ਉਨ੍ਹਾਂ ਵਿਰੁੱਧ ਸਥਾਨਕ ਨੌਕਰੀਆਂ ’ਤੇ ਕਬਜ਼ਾ ਕਰਨ ਦਾ ਦੋਸ਼ ਲਗਾ ਕੇ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਨਜ਼ਰ ਆਇਆ ਕੈਨੇਡਾ ਦਾ ਸੰਸਦ ਮੈਂਬਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।