ਕੈਨੇਡਾ 'ਚ ਖਾਲਿਸਤਾਨ ਸਮਰਥਕਾਂ 'ਤੇ ਵਧੀ ਸਖ਼ਤੀ, ਭਾਰਤ ਵਿਰੋਧੀ ਪੋਸਟਰ ਤੇ ਬੈਨਰ ਹਟਾਉਣ ਦੇ ਨਿਰਦੇਸ਼

Sunday, Sep 24, 2023 - 05:11 PM (IST)

ਕੈਨੇਡਾ 'ਚ ਖਾਲਿਸਤਾਨ ਸਮਰਥਕਾਂ 'ਤੇ ਵਧੀ ਸਖ਼ਤੀ, ਭਾਰਤ ਵਿਰੋਧੀ ਪੋਸਟਰ ਤੇ ਬੈਨਰ ਹਟਾਉਣ ਦੇ ਨਿਰਦੇਸ਼

ਇੰਟਰਨੈਸ਼ਨਲ ਡੈਸਕ: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਵੱਲੋਂ ਦਿੱਤੇ ਮੂੰਹਤੋੜ ਜਵਾਬ ਤੋਂ ਬਾਅਦ ਕੈਨੇਡਾ ਦਾ ਰਵੱਈਆ ਨਰਮ ਹੁੰਦਾ ਨਜ਼ਰ ਆ ਰਿਹਾ ਹੈ। ਖਾਲਿਸਤਾਨੀ ਵੱਖਵਾਦੀਆਂ ਅਤੇ ਅੱਤਵਾਦੀ ਸਮਰਥਕਾਂ ਖ਼ਿਲਾਫ਼ ਭਾਰਤੀ ਦਬਾਅ ਤੋਂ ਬਾਅਦ ਕੈਨੇਡੀਅਨ ਪ੍ਰਸ਼ਾਸਨ ਨੇ ਆਪਣੀ ਸਖ਼ਤੀ ਵਧਾ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਅਹਿਮ ਥਾਵਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਲੱਗੇ ਹੋਰਡਿੰਗ ਅਤੇ ਬੈਨਰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਖਾਲਿਸਤਾਨੀ ਸਮਰਥਕਾਂ ਨੇ ਆਪਣੇ ਪ੍ਰਚਾਰ ਨੂੰ ਅੱਗੇ ਵਧਾਉਂਦੇ ਹੋਏ ਵੱਖ-ਵੱਖ ਥਾਵਾਂ 'ਤੇ ਹੋਰਡਿੰਗ ਅਤੇ ਬੈਨਰ ਲਗਾ ਦਿੱਤੇ ਸਨ, ਤਾਂ ਜੋ ਲੋਕ ਇਨ੍ਹਾਂ ਨੂੰ ਦੇਖ ਸਕਣ ਅਤੇ ਪ੍ਰਭਾਵਿਤ ਹੋ ਸਕਣ। ਪਰ ਹੁਣ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ।

ਸਥਾਨਕ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਕੈਨੇਡਾ ਦੇ ਸਰੀ ਦੇ ਇੱਕ ਗੁਰਦੁਆਰੇ ਤੋਂ ਭਾਰਤੀ ਡਿਪਲੋਮੈਟਾਂ ਦੇ ਕਤਲ ਦਾ ਸੱਦਾ ਦੇਣ ਵਾਲੇ ਪੋਸਟਰ ਹਟਾ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਸਰੀ ਦੇ ਗੁਰਦੁਆਰੇ ਨੂੰ ਤਿੰਨ ਭਾਰਤੀ ਡਿਪਲੋਮੈਟਾਂ ਦੇ ਕਤਲ ਦਾ ਸੱਦਾ ਦੇਣ ਵਾਲੇ ਪੋਸਟਰਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਕਿਉਂਕਿ ਅਧਿਕਾਰੀਆਂ ਨੂੰ ਇਸ ਮੁੱਦੇ ਦੀ ਗੰਭੀਰਤਾ ਅਤੇ ਕੈਨੇਡੀਅਨ ਧਰਤੀ ਤੋਂ ਅਜਿਹੇ ਸੰਦੇਸ਼ ਆਉਣ ਦੀ ਸੰਭਾਵਨਾ ਦਾ ਅਹਿਸਾਸ ਹੋਇਆ ਸੀ। ਨਾਲ ਹੀ ਗੁਰਦੁਆਰਾ ਪ੍ਰਬੰਧਕਾਂ ਨੂੰ ਕਿਸੇ ਵੀ ਕੱਟੜਪੰਥੀ ਘੋਸ਼ਣਾ ਲਈ ਲਾਊਡਸਪੀਕਰ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

ਕੈਨੇਡਾ 'ਚ ਭਾਰਤ ਵਿਰੋਧੀ ਪੋਸਟਰ ਹਟਾਉਣ ਦੇ ਨਿਰਦੇਸ਼

PunjabKesari

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਖੇਤਰ ਜਿੱਥੋਂ ਭਾਰਤ ਵਿਰੋਧੀ ਪ੍ਰਚਾਰ ਸਮੱਗਰੀ ਨੂੰ ਹਟਾਇਆ ਜਾ ਰਿਹਾ ਹੈ, ਉਹ ਹਨ ਸਰੀ, ਗਿਲਡਫੋਰਡ, ਨਿਊਟਨ ਅਤੇ ਵ੍ਹੇਲੀ। ਇਸ ਤੋਂ ਇਲਾਵਾ ਕੈਨੇਡਾ-ਅਮਰੀਕਾ ਸਰਹੱਦੀ ਇਲਾਕਿਆਂ ਵਿੱਚ ਖਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਉਨ੍ਹਾਂ ਦੀਆਂ ਪ੍ਰਚਾਰ ਸਮੱਗਰੀਆਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਕੈਨੇਡਾ ਦੇ ਪੀ.ਐੱਮ ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਲਗਾਏ ਗਏ ਬੇਤੁਕੇ ਇਲਜ਼ਾਮਾਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਖਟਾਸ ਆ ਗਈ ਹੈ। ਭਾਰਤ ਨੇ ਕੈਨੇਡੀਅਨ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਨਿੱਝਰ ਦੇ ਕਤਲ ਬਾਰੇ ਕੈਨੇਡਾ ਨੂੰ ਦਿੱਤੀ ਸੀ ਖੁਫੀਆ ਜਾਣਕਾਰੀ

ਭਾਰਤ-ਕੈਨੇਡਾ ਵਿਚਾਲੇ ਵਿਵਾਦ ਕਿਵੇਂ ਸ਼ੁਰੂ ਹੋਇਆ?

ਇਹ ਸਾਰਾ ਵਿਵਾਦ 18 ਸਤੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਦੀ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਏਜੰਸੀਆਂ ਨੇ ਪੱਕੇ ਤੌਰ 'ਤੇ ਸਾਬਤ ਕਰ ਦਿੱਤਾ ਹੈ ਕਿ ਇਸ ਪਿੱਛੇ ਭਾਰਤੀ ਸਰਕਾਰੀ ਏਜੰਸੀਆਂ ਦਾ ਹੱਥ ਹੈ। ਟਰੂਡੋ ਨੇ ਭਾਰਤ 'ਤੇ ਕੈਨੇਡਾ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਪਿੱਛੇ ਕਿਸੇ ਵਿਦੇਸ਼ੀ ਦੇਸ਼ ਦਾ ਹੱਥ ਹੋਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਕੱਢ ਦਿੱਤਾ। ਦੱਸ ਦਈਏ ਕਿ ਇਸ ਸਾਲ 1 ਜੂਨ ਨੂੰ ਕੈਨੇਡਾ ਦੇ ਸਰੀ ਸੂਬੇ 'ਚ ਇਕ ਗੁਰਦੁਆਰੇ ਦੀ ਪਾਰਕਿੰਗ 'ਚ ਅੱਤਵਾਦੀ ਨਿੱਝਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਰਤ ਸਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਕਰਾਰ ਦਿੰਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News