'ਕੈਨੇਡੀਅਨ ਸ਼ਪਾਟਨ' ਨੇ ਲੁੱਟਿਆ ਬਜ਼ੁਰਗ ਜੋੜਾ

09/09/2019 9:54:52 PM

ਟੋਰਾਂਟੋ (ਏਜੰਸੀ)- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਇਕ ਮਹਿਲਾ ਨੇ ਪੁਲਸ ਮੁਲਾਜ਼ਮ ਬਣ ਕੇ ਬਜ਼ੁਰਗ ਪਤੀ-ਪਤਨੀ ਨੂੰ ਠੱਗ ਲਿਆ। ਮਹਿਲਾ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਪੁਲਸ ਵੱਲੋਂ ਅਪਰਾਧੀਆਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਹੈ ਜਿਸ ਦੇ ਮੱਦੇਨਜ਼ਰ ਇਕ ਬੈਗ ਵਿਚ ਨਕਦੀ ਅਤੇ ਗਹਿਣੇ ਪਾ ਕੇ ਆਪਣੇ ਘਰ ਦੇ ਬਾਹਰ ਰੱਖ ਦਿਉ। ਬਜ਼ੁਰਗ ਜੋੜਾ ਪੋਲੈਂਡ ਨਾਲ ਸਬੰਧਤ ਹੈ ਅਤੇ ਪੁਲਸ ਅਫ਼ਸਰ ਬਣੀ ਮਹਿਲਾ ਨੇ ਵੀ ਦੋਹਾਂ ਨਾਲ ਪੌਲਿਸ਼ ਭਾਸ਼ਾ ਵਿਚ ਗੱਲ ਕੀਤੀ। ਮਹਿਲਾ ਨੇ ਦੋਹਾਂ ਨੂੰ ਤਸੱਲੀ ਦਿਤੀ ਕਿ ਅਪਰਾਧੀਆਂ ਦੇ ਫੜੇ ਜਾਣ 'ਤੇ ਤੁਹਾਡਾ ਕੀਮਤੀ ਸਮਾਨ ਵਾਪਸ ਕਰ ਦਿੱਤਾ ਜਾਵੇਗਾ। ਬਜ਼ੁਰਗ ਪਤੀ-ਪਤਨੀ ਨੇ ਪੁਲਸ ਦਾ ਹੁਕਮ ਸਮਝ ਕੇ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਘਰ ਦੇ ਬਾਹਰ ਰੱਖ ਦਿੱਤਾ ਜੋ ਕੁਝ ਦੇਰ ਮਗਰੋਂ ਗਾਇਬ ਹੋ ਗਿਆ। ਇਕ ਵਾਰਦਾਤ ਰੌਨਸੇਸ਼ਵੈਲਜ਼ ਐਵੇਨਿਊ ਇਲਾਕੇ ਵਿਚ ਵਾਪਰੀ ਜਿਸ ਮਗਰੋਂ ਟੋਰਾਂਟੋ ਪੁਲਸ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਦੇ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਟੋਰਾਂਟੋ ਪੁਲਸ ਕਦੇ ਵੀ ਕਿਸੇ ਆਮ ਸ਼ਹਿਰੀ ਨੂੰ ਫੋਨ ਨਹੀਂ ਕਰਦੀ ਅਤੇ ਨਾ ਹੀ ਕੀਮਤੀ ਚੀਜ਼ਾਂ ਬੈਗ ਵਿਚ ਪਾ ਕੇ ਘਰ ਦੇ ਬਾਹਰ ਰੱਖਣ ਲਈ ਆਖਦੀ ਹੈ। ਠੱਗੀ ਦੇ ਇਸ ਮਾਮਲੇ ਨਾਲ ਸਬੰਧਤ ਕਿਸੇ ਸ਼ੱਕੀ ਬਾਰੇ ਫ਼ਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ।


Sunny Mehra

Content Editor

Related News