ਕੈਨੇਡਾ ਚੋਣਾਂ ''ਚ ਹਾਵੀ ਹੈ ਕੌਮਾਂਤਰੀ ਵਿਦਿਆਰਥੀ ਤੇ ਇਮੀਗ੍ਰੇਟਸ ਦਾ ਮੁੱਦਾ

10/19/2019 12:45:38 PM

ਟੋਰਾਂਟੋ— ਕੈਨੇਡਾ 'ਚ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਅਤੇ ਇਮੀਗ੍ਰੇਟਸ ਤੇ ਕੌਮਾਂਤਰੀ ਵਿਦਿਆਰਥੀਆਂ ਦਾ ਮੁੱਦਾ ਹਾਵੀ ਹੋ ਰਿਹਾ ਹੈ। ਕੈਨੇਡਾ ਦੀ ਏਜੰਸੀ 'ਸੈਂਟ ਕੈਥਰੀਨ ਸਟੈਂਡਰਡ' ਦੀ ਸਰਵੇ ਰਿਪੋਰਟ ਨੇ ਮਾਮਲੇ ਨੂੰ ਹੋਰ ਵਧਾ ਦਿੱਤਾ ਹੈ। ਰਿਪੋਰਟ 'ਚ ਕੈਨੇਡਾ ਦੇ ਆਰਥਿਕ ਢਾਂਚੇ 'ਚ ਕੌਮਾਂਤਰੀ ਵਿਦਿਆਰਥੀਆਂ ਦੇ ਅਹਿਮ ਯੋਗਦਾਨ ਦਾ ਖੁਲ੍ਹਾਸਾ ਕੀਤਾ ਗਿਆ ਹੈ। ਇਸ ਖੁਲ੍ਹਾਸੇ ਦੇ ਬਾਅਦ ਕੌਮਾਂਤਰੀ ਸਟੂਡੈਂਟਸ ਅਤੇ ਇਮੀਗ੍ਰੇਟਸ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ 'ਚ ਹੜਕੰਪ ਮਚ ਗਿਆ ਹੈ। ਇਸੇ ਲਈ ਇਨ੍ਹਾਂ ਚੋਣਾਂ 'ਚ ਕੌਮਾਂਤਰੀ ਵਿਦਿਆਰਥੀ ਵੱਡਾ ਮੁੱਦਾ ਬਣੇ ਹੋਏ ਹਨ ਤੇ ਹਰ ਪਾਰਟੀ ਇਨ੍ਹਾਂ ਨੂੰ ਖੁਸ਼ ਕਰਨ ਲਈ ਵਾਅਦੇ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਚੋਣ ਕਮਿਸ਼ਨ ਨੇ 21, ਅਕਤੂਬਰ ਨੂੰ 338 ਸੰਸਦੀ ਸੀਟਾਂ ਲਈ 2,146 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇੱਥੇ 21 ਦੇ ਕਰੀਬ ਰਾਜਨੀਤਿਕ ਪਾਰਟੀਆਂ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਛੇ ਵੱਡੀਆਂ ਪਾਰਟੀਆਂ ਦੀ ਚੋਣ ਮੈਦਾਨ 'ਚ ਭਰਵੀਂ ਹਾਜ਼ਰੀ ਹੈ। ਇਹ ਪਾਰਟੀਆਂ ਹਨ- ਲਿਬਰਲ, ਕੰਜ਼ਰਵੇਟਿਵ, ਐੱਨ. ਡੀ. ਪੀ., ਬਲਾਕ ਕਿਉਬਿਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ। ਮੁਕਾਬਲਾ ਵੱਡੇ ਪੱਧਰ ਉੱਤੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਐੱਨ. ਡੀ. ਪੀ. ਦੇ ਜਗਮੀਤ ਸਿੰਘ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਲਿਬਰਲ ਧਿਰ ਨੂੰ ਐੱਨ. ਡੀ. ਪੀ. ਦਾ ਸਹਾਰਾ ਲੈਣਾ ਪੈ ਸਕਦਾ ਹੈ। ਇਨ੍ਹਾਂ ਚੋਣਾਂ ਵਿੱਚ ਜੋ ਮਜ਼ੇ ਦੀ ਗੱਲ ਹੈ ਉਹ ਇਹ ਹੈ ਕਿ ਪੰਜਾਬੀਆਂ ਦਾ ਦਾਬਾ ਹੈ। ਪੰਜਾਬ ਸਣੇ ਦੱਖਣੀ ਏਸ਼ੀਆ ਦੇ ਕੁੱਲ 99 ਉਮੀਦਵਾਰਾਂ 'ਚੋਂ 60 ਦੇ ਕਰੀਬ ਪੰਜਾਬੀ ਉਮੀਦਵਾਰ ਹਨ, ਜਿਨ੍ਹਾਂ 'ਚੋਂ 18 ਦੇ ਕਰੀਬ ਪੰਜਾਬਣਾਂ ਹਨ। ਕਈਆਂ ਪੰਜਾਬੀਆਂ ਤੇ ਪੰਜਾਬਣਾਂ ਵਿਚਾਲੇ ਤਾਂ ਸਿੱਧਾ ਆਪਸੀ ਮੁਕਾਬਲਾ ਹੈ।

ਰਿਪੋਰਟਾਂ ਮੁਤਾਬਕ ਸਿਰਫ ਪੰਜਾਬ 'ਚੋਂ ਹੀ ਹਰ ਸਾਲ ਕੈਨੇਡਾ ਦੇ ਖਜ਼ਾਨੇ 'ਚ 26 ਹਜ਼ਾਰ ਕਰੋੜ ਰੁਪਏ ਜਾ ਰਹੇ ਹਨ। ਇਸੇ ਲਈ ਇਨ੍ਹਾਂ ਚੋਣਾਂ 'ਚ ਕੌਮਾਂਤਰੀ ਸਟੂਡੈਂਟ ਅਤੇ ਇਮੇਗ੍ਰਸ਼ਨ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ 'ਤੇ ਇਹ ਭਾਰੀ ਪੈ ਸਕਦਾ ਹੈ। ਕੈਨੇਡਾ 'ਚ ਪੜ੍ਹ ਰਹੇ ਵਿਦਿਆਰਥੀ ਉੱਥੋਂ ਦੀ ਆਰਥਿਕਤਾ ਨੂੰ ਮਜ਼ਬੂਤੀ ਦੇ ਰਹੇ ਹਨ। 2018 ਦੇ ਸਰਵੇ ਮੁਤਾਬਕ ਓਂਟਾਰੀਓ ਦੀ ਯੂਨੀਵਰਸਿਟੀ 'ਚ ਕੌਮਾਂਤਰੀ ਵਿਦਿਆਰਥੀਆਂ ਨੇ 21.4 ਬਿਲੀਅਨ ਡਾਲਰ ਫੀਸ ਅਦਾ ਕੀਤੀ ਹੈ। ਇਸ ਨਾਲ ਕੈਨੇਡਾ ਦੀ ਇਕੋਨਮੀ 'ਚ ਵਿਕਾਸ ਹੋਇਆ ਹੈ। ਕੈਨੇਡਾ 'ਚ ਵੱਡੀ ਗਿਣਤੀ 'ਚ ਰਹਿ ਰਹੇ ਪੰਜਾਬੀ ਇਨ੍ਹਾਂ ਚੋਣਾਂ 'ਚ ਛਾਏ ਹੋਏ ਹਨ।


Related News