ਕੈਨੇਡਾ 'ਚ ਜਲੰਧਰ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ

9/24/2020 3:53:43 PM

ਸਰੀ-  ਕੈਨੇਡਾ ਤੋਂ ਇਕ ਹੋਰ ਦੁੱਖਭਰੀ ਖ਼ਬਰ ਆਈ ਹੈ। ਇੱਥੇ ਸਰੀ ਵਿਖੇ ਰਹਿੰਦੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 21 ਸਾਲਾ ਅਮਰਿੰਦਰ ਸਿੰਘ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਸੀ ਪਰ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਉਹ ਜਲੰਧਰ ਦਾ ਰਹਿਣ ਵਾਲਾ ਸੀ। 

ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੇ ਇਕ ਪਾਕਿਸਤਾਨੀ ਕੁੜੀ ਦੇ ਪਿਆਰ ਦੇ ਝੂਠੇ ਜਾਲ ਵਿਚ ਫਸ ਕੇ ਮੌਤ ਨੂੰ ਗਲੇ ਲਗਾ ਲਿਆ। 

ਉਹ 2017 ਵਿਚ ਕੈਨੇਡਾ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਪਰ ਉਸ ਨੇ ਕਦੇ ਪੈਸੇ ਨਹੀਂ ਭੇਜੇ ਸਨ ਕਿਉਂਕਿ ਉਹ ਕਹਿੰਦਾ ਸੀ ਕਿ ਉਸ ਦਾ ਖਰਚਾ ਬਹੁਤ ਹੋ ਜਾਂਦਾ ਹੈ। ਨਵੰਬਰ 2019 ਵਿਚ ਉਸ ਨੇ ਪਰਿਵਾਰ ਕੋਲੋਂ ਪੈਸੇ ਮੰਗਵਾਉਣੇ ਸ਼ੁਰੂ ਕਰ ਦਿੱਤੇ ਤੇ ਮਾਰਚ 2020 ਤੱਕ ਉਸ ਨੇ ਪਰਿਵਾਰ ਕੋਲੋਂ 20 ਲੱਖ ਰੁਪਏ ਮੰਗਵਾ ਲਏ ਸਨ। ਉਹ ਉਸ ਨਾਲ ਵੀਡੀਓ 'ਤੇ ਗੱਲ ਕਰਦਾ ਰਹਿੰਦਾ ਸੀ।

ਪਰਿਵਾਰ ਦਾ ਦੋਸ਼ ਹੈ ਕਿ ਉਹ ਉਸ ਕੁੜੀ ਨੂੰ ਪੈਸੇ ਦਿੰਦਾ ਰਿਹਾ ਤੇ ਉਸ ਕੋਲ ਫੀਸ ਦੇਣ ਲਈ ਵੀ ਪੈਸੇ ਨਾ ਬਚੇ ਤਾਂ ਉਸ ਨੇ ਇਕ ਵਾਰ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਮਝਾਇਆ ਤੇ ਉਸ ਨੇ ਮੁੜ ਅਜਿਹਾ ਨਾ ਕਰਨ ਦਾ ਵਾਅਦਾ ਵੀ ਕੀਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਅਮਰਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਪੜ੍ਹਾਈ ਪੂਰੀ ਕਰ ਲਈ ਹੈ ਪਰ ਇਸ ਦੇ ਬਾਅਦ 17 ਸਤੰਬਰ ਨੂੰ ਉਸ ਨੇ ਆਤਮ-ਹੱਤਿਆ ਕਰ ਲਈ। ਉਸ ਨੇ ਪਾਕਿਸਤਾਨ ਰਹਿਣ ਵਾਲੀ ਕੁੜੀ ਨੂੰ ਇਕ ਪਾਰਸਲ ਵੀ ਭੇਜਿਆ ਸੀ ਜੋ ਰੱਦ ਹੋ ਕੇ ਵਾਪਸ ਆ ਗਿਆ।  ਪਰਿਵਾਰ ਦਾ ਦੋਸ਼ ਹੈ ਕਿ ਇਹ ਕੁੜੀ ਹੀ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਦਾ ਕਾਰਨ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। 
 


Lalita Mam

Content Editor Lalita Mam