ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ

Friday, May 29, 2020 - 05:55 PM (IST)

ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ

ਟੋਰਾਂਟੋ/ਬੀਜਿੰਗ (ਬਿਊਰੋ): ਚੀਨ ਆਪਣੀਆਂ ਹਰਕਤਾਂ ਕਾਰਨ ਪੂਰੀ ਦੁਨੀਆ ਦੇ ਨਿਸ਼ਾਨੇ 'ਤੇ ਹੈ। ਕੋਰੋਨਾਵਾਇਰਸ ਮਹਾਮਾਰੀ ਵਿਚ ਚੀਨ ਦੀ ਭੂਮਿਕਾ ਨੂੰ ਲੈਕੇ ਪਹਿਲਾਂ ਹੀ ਕਈ ਦੇਸ਼ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਚੁੱਕੇ ਹਨ। ਹੁਣ ਹਾਂਗਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ ਲਿਆਉਣ ਦੀ ਚੀਨ ਦੀ ਕੋਸ਼ਿਸ਼ ਦੇ ਵਿਰੁੱਧ ਕਈ ਦੇਸ਼ ਇਕਜੁੱਟ ਹੋ ਗਏ ਹਨ। ਵੀਰਵਾਰ ਨੂੰ ਯੂਕੇ, ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਨੇ ਸਾਂਝੇ ਰੂਪ ਨਾਲ ਬਿਆਨ ਜਾਰੀ ਕਰ ਕੇ ਚੀਨ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਕਿਹਾ ਕਿ ਹਾਂਗਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ 1984 ਦੇ ਬ੍ਰਿਟੇਨ-ਚੀਨ ਦੇ ਸਮਝੌਤੇ ਦੀ ਉਲੰਘਣਾ ਹੈ ਅਤੇ ਇਸ ਨਾਲ ਉਸ ਦੀ ਆਜ਼ਾਦੀ 'ਤੇ ਖਤਰਾ ਪੈਦਾ ਹੁੰਦਾ ਹੈ।

1997 ਤੱਕ ਬ੍ਰਿਟਿਸ਼ ਕਲੋਨੀ ਰਹੇ ਹਾਂਗਕਾਂਗ ਨੂੰ 'ਵਨ ਕੰਟਰੀ, ਟੂ ਸਿਸਟਮ' ਦੇ ਤਹਿਤ ਚੀਨ ਨੂੰ ਸੌਂਪ ਦਿੱਤਾ ਗਿਆ ਸੀ ਪਰ ਉਸ ਨੂੰ ਰਾਜਨੀਤਕ ਅਤੇ ਕਾਨੂੰਨੀ ਖੁਦਮੁਖਤਿਆਰੀ ਵੀ ਦਿੱਤੀ ਗਈ ਸੀ। ਭਾਵੇਂਕਿ ਚੀਨ ਨਵੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਜ਼ਰੀਏ ਹਾਂਗਕਾਂਗ ਦੀ ਸੁਤੰਤਰ ਕਾਨੂੰਨੀ ਵਿਵਸਥਾ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ। ਹਾਂਗਕਾਂਗ ਵਿਚ ਅਪਰਾਧੀਆਂ ਨੂੰ ਚੀਨ ਹਵਾਲਗੀ ਕਰਨ ਵਾਲੇ ਕਾਨੂੰਨ ਦੇ ਵਿਰੋਧ ਵਿਚ ਕਈ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਹੋਏ ਸਨ। ਦੁਨੀਆ ਭਰ ਵਿਚ ਹੋ ਰਹੇ ਵਿਰੋਧ ਦੇ ਬਾਵਜੂਦ ਚੀਨ ਦਲੀਲ ਦਿੰਦਾ ਹੈ ਕਿ ਸ਼ਹਿਰ ਵਿਚ ਅਪਰਾਧ, ਅੱਤਵਾਦ ਅਤੇ ਵਿਦੇਸ਼ੀ ਤਾਕਤਾਂ ਦੀ ਦਖਲ ਅੰਦਾਜ਼ੀ ਨੂੰ ਰੋਕਣ ਦੇ ਉਦੇਸ਼ ਨਾਲ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ।

ਚਾਰੇ ਦੇਸ਼ਾਂ ਨੇ ਇਕ ਸੰਯੁਕਤ ਬਿਆਨ ਵਿਚ ਬੀਜਿੰਗ ਦੇ ਕਦਮ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ,''ਹਾਂਗਕਾਂਗ ਆਪਣੀ ਸੁਤੰਤਰ ਪਛਾਣ ਦੇ ਨਾਲ ਤਰੱਕੀ ਕਰ ਰਿਹਾ ਹੈ। ਨਵੇਂ ਸੁਰੱਖਿਆ ਕਾਨੂੰਨ ਨਾਲ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਘਟੇਗੀ ਅਤੇ ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਇਸ ਨੂੰ ਖੁਸ਼ਹਾਲ ਬਣਾਉਣ ਵਾਲੀ ਪੂਰੀ ਵਿਵਸਥਾ ਨਸ਼ਟ ਹੋ ਜਾਵੇਗੀ।'' ਉੱਧਰ ਚੀਨ ਦੀ ਸੰਸਦ ਨੇ ਹਾਂਗਕਾਂਗ ਦੇ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ 'ਤੇ ਅੱਗੇ ਵਧਣ ਦੇ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਾਰੇ ਵਿਸ਼ਲੇਸ਼ਕਾਂ ਅਤੇ ਕਾਰਕੁੰਨਾਂ ਨੂੰ ਡਰ ਹੈ ਕਿ ਇਸ ਨਾਲ ਗਲੋਬਲ ਆਰਥਿਕ ਰਾਜਧਾਨੀ ਦੇ ਤੌਰ 'ਤੇ ਖੁਦ ਨੂੰ ਸਥਾਪਿਤ ਕਰ ਚੁੱਕੇ ਹਾਂਗਕਾਂਗ ਦੀ ਅਰਧ-ਖੁਦਮੁਖਤਿਆਰੀ ਦਾ ਦਰਜਾ ਖੋਹਿਆ ਜਾਵੇਗਾ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ,''ਅਸੀਂ ਚੀਨ ਅੱਗੇ ਮੰਗ ਕਰਦੇ ਹਾਂ ਕਿ ਉਹ ਆਪਣੇ ਕਦਮ ਪਿੱਛੇ ਹਟਾ ਲਵੇ।'' ਰਾਬ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੀਨ ਕਾਨੂੰਨ ਲਾਗੂ ਕਰਦਾ ਹੈ ਤਾਂ ਉਹ ਬ੍ਰਿਟਿਸ਼ ਨੈਸ਼ਨਲ ਓਵਰਸੀਜ ਪਾਸਪੋਰਟ ਹੋਲਡਰਸ (BNO) ਦਾ ਦਰਜਾ ਬਦਲ ਦੇਵੇਗਾ। ਇਸ ਦੇ ਬਾਅਦ ਹਾਂਗਕਾਂਗ ਵਿਚ ਰਹਿ ਰਹੇ ਸਾਰੇ ਬ੍ਰਿਟਿਸ਼ ਪਾਸਪੋਰਟ ਹੋਲਡਰ 6 ਮਹੀਨੇ ਤੋਂ ਜ਼ਿਆਦਾ ਸਮੇਂ ਦੇ ਲਈ ਬ੍ਰਿਟੇਨ ਵਿਚ ਰਹਿ ਸਕਣਗੇ ਅਤੇ ਬਾਅਦ ਵਿਚ ਉਹਨਾਂ ਲਈ ਨਾਗਰਿਕਤਾ ਦਾ ਰਸਤਾ ਵੀ ਖੋਲ੍ਹਿਆ ਜਾ ਸਕਦਾ ਹੈ। ਯੂਕੇ, ਯੂਐੱਸ, ਆਸਟ੍ਰੇਲੀਆ ਅਤੇ ਕੈਨੇਡਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਨਵਾਂ ਕਾਨੂੰਨ ਬ੍ਰਿਟੇਨ ਦੇ ਨਾਲ ਹੋਏ ਸਮਝੌਤੇ ਵਿਚ ਸ਼ਾਮਲ ਕੀਤੀਆਂ ਗਈਆਂ ਵਚਨਬੱਧਤਾਵਾਂ ਦੀ ਸਿੱਧੀ ਉਲੰਘਣਾ ਹੈ। ਇਸ ਸਮੇਂ ਹਾਂਗਕਾਂਗ ਦੇ ਲੋਕਾਂ ਦੇ ਮਨ ਵਿਚ ਚੀਨ ਵਿਰੁੱਧ ਕਾਫੀ ਗੁੱਸਾ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਸੋਸ਼ਲ ਮੀਡੀਆ 'ਤੇ ਲਗਾਈ ਲਗਾਮ, ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖਤ

ਚਾਰੇ ਦੇਸ਼ਾਂ ਦੇ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ,''ਸਾਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਇਸ ਕਦਮ ਨਾਲ ਹਾਂਗਕਾਂਗ ਦੇ ਸਮਾਜ ਵਿਚ ਡੂੰਘੇ ਮਤਭੇਦ ਪੈਦਾ ਹੋ ਜਾਣਗੇ।'' ਚਾਰੇ ਦੇਸ਼ਾਂ ਨੇ ਬੀਜਿੰਗ ਨੂੰ ਹਾਂਗਕਾਂਗ ਦੇ ਲੋਕਾਂ ਅਤੇ ਉੱਥੋਂ ਦੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਅਤੇ ਸਮਝੌਤੇ ਦੀਆਂ ਸ਼ਰਤਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਸਾਰਿਆਂ ਦੇ ਇਲਾਵਾ ਜਰਮਨੀ ਦੇ ਵਿਦੇਸ਼ ਮੰਤਰੀ ਹਾਇਕੋ ਮਾਸ ਨੇ ਕਿਹਾ ਕਿ ਯੂਰਪੀ ਯੂਨੀਅਨ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਚੀਨ ਤੋਂ ਆਸ ਹੈ ਕਿ ਉਹ 'ਵਨ ਕੰਟਰੀ,ਟੂ ਸਿਮਟਮ' ਦਾ ਸਨਮਾਨ ਕਰੇਗਾ। 


author

Vandana

Content Editor

Related News