ਕਰੀਮਾ ਬਲੋਚ ਦੇ ਦੋਸਤਾਂ ਨੇ ਕਿਹਾ- ਕਰੀਮਾ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ

12/25/2020 6:02:18 PM

ਟੋਰਾਂਟੋ (ਬਿਊਰੋ): ਕਰੀਮਾ ਬਲੋਚ ਦੇ ਦੋਸਤਾਂ ਅਤੇ ਸਾਥੀ ਕਾਰਕੁਨਾਂ ਨੇ ਦੋਸ਼ ਲਗਾਇਆ ਕਿ ਕਰੀਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਦੱਸ ਦਈਏ ਕਿ ਕਰੀਮਾ ਬਲੋਚ ਜੋ ਕਿ ਬਲੋਚ ਵਿਦਿਆਰਥੀ ਸੰਗਠਨ-ਆਜ਼ਾਦ (BSO-Azad) ਦੀ ਸਾਬਕਾ ਚੇਅਰਪਰਸਨ ਸੀ, ਦੀ ਮੰਗਲਵਾਰ ਨੂੰ ਕੈਨੇਡਾ ਵਿਚ ਸ਼ੱਕੀ ਹਾਲਤਾਂ ਵਿਚ ਲਾਸ਼ ਮਿਲੀ ਸੀ।

ਬਲੋਚਿਸਤਾਨ ਵਿਚ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਦੇ ਅੱਤਿਆਚਾਰਾਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਵਾਲੀ 37 ਸਾਲਾ ਕਰੀਮਾ ਬਲੋਚ 2016 ਵਿਚ ਕੈਨੇਡਾ ਆਈ ਸੀ।ਉਸ ਨੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ਵਿਚ ਗਾਇਬ ਹੋਣ ਵਾਲੇ ਨੌਜਵਾਨਾਂ ਲਈ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਵਿਆਪਕ ਮੁਹਿੰਮ ਚਲਾਈ ਸੀ। ਖ਼ਬਰਾਂ ਮੁਤਾਬਕ, ਟੋਰਾਂਟੋ ਵਿਚ ਰਹਿਣ ਵਾਲੇ ਕਰੀਮਾ ਦੇ ਦੋਸਤ ਅਤੇ ਕਾਰਕੁਨ ਲਤੀਫ ਜੋਹਰ ਬਲੋਚ ਨੇ ਖੁਲਾਸਾ ਕੀਤਾ ਕਿ ਕਰੀਮਾ ਨੂੰ ਗੁੰਮਨਾਮ ਸੰਦੇਸ਼ ਮਿਲੇ ਸਨ, ਜਿਸ ਵਿਚ ਕਿਹਾ ਗਿਆ ਸੀ,"ਅਸੀਂ ਜਾਣਦੇ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ।"

ਪੜ੍ਹੋ ਇਹ ਅਹਿਮ ਖਬਰ- ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ ਸਿੱਖ ਫੌਜੀ ਅਫਸਰ ਨੂੰ ਮਿਲੀ ਸਕਾਲਰਸ਼ਿਪ

ਲਤੀਫ ਬਲੋਚ ਨੇ ਕਿਹਾ ਕਿ ਅਸੀਂ ਸਵੀਕਾਰ ਨਹੀਂ ਕਰ ਸਕਦੇ ਕਿ ਇਹ ਇੱਕ ਹਾਦਸਾ ਸੀ।ਉਸ ਦੇ ਪਤੀ ਨੇ ਮੈਨੂੰ ਸੰਦੇਸ਼ ਦਿਖਾਏ, ਜਿਸ 'ਚ ਕਿਹਾ ਗਿਆ ਸੀ ਕਿ ਅਸੀਂ ਕਰੀਮਾ ਨੂੰ ਕ੍ਰਿਸਮਿਸ ਦਾ ਤੋਹਫ਼ਾ ਭੇਜਾਂਗੇ, ਜਿਸ ਨੂੰ ਉਹ ਕਦੇ ਨਹੀਂ ਭੁੱਲੇਗੀ।ਕਰੀਮਾ ਕਤਲਕਾਂਡ ਮਾਮਲੇ ਦੀ ਸ਼ੁਰੂਆਤੀ ਜਾਂਚ ਵਿਚ ਪੁਲਸ ਨੇ ਕਿਸੀ ਵੀ ਸਾਜ਼ਸ਼ ਹੋਣ ਦੇ ਖ਼ਦਸ਼ੇ ਨੂੰ ਠੁਕਰਾ ਦਿੱਤਾ ਹੈ। ਇਸ ਤੋਂ ਬਾਅਦ ਕਰੀਮਾ ਦੇ ਦੋਸਤਾਂ ਅਤੇ ਸਾਥੀ ਕਾਰਕੁਨਾਂ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਬੋਲਿਆ। ਪੁਲਸ ਨੇ ਕਿਹਾ ਕਿ ਹਾਲਾਤਾਂ ਦੀ ਜਾਂਚ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੇ ਇਸ ਨੂੰ ਗੈਰ-ਅਪਰਾਧਕ ਮੌਤ ਮੰਨਿਆ ਹੈ। ਉਹਨਾਂ ਨੂੰ ਫਿਲਹਾਲ ਕਿਸੇ ਵੀ ਸਾਜ਼ਸ਼ ਹੋਣ ਦਾ ਸ਼ੱਕ ਨਹੀਂ ਹੈ।

ਲਤੀਫ ਤੋਂ ਇਲਾਵਾ ਇੱਕ ਹੋਰ ਕਾਰਕੁਨ ਹਕੀਮ ਬਲੋਚ ਨੇ ਕਰੀਮਾ ਦੀ ਰਹੱਸਮਈ ਮੌਤ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨੂੰ (ਕਰੀਮਾ) ਸੋਸ਼ਲ ਮੀਡੀਆ ਅਕਾਊਂਟਸ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ। ਹਕੀਮ, ਜੋ ਬਲੋਚ ਨੈਸ਼ਨਲ ਮੂਵਮੈਂਟ ਯੂਕੇ ਜ਼ੋਨ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਉਸ ਦੀ ਕਰੀਬੀ ਦੋਸਤ ਹੈ ਨੇ ਕਿਹਾ ਕਿ ਕਰੀਮਾ ਇੱਕ ਬਹਾਦੁਰ ਬੀਬੀ ਸੀ। ਉਹ ਕਦੇ ਵੀ ਖ਼ੁਸਕੁਸ਼ੀ ਨਹੀਂ ਕਰ ਸਕਦੀ। ਹਕੀਮ ਨੇ ਕਿਹਾ ਕਿ ਕਰੀਮਾ ਨੂੰ ਸੋਸ਼ਲ ਮੀਡੀਆ ਅਕਾਊਂਟਸ 'ਤੇ ਧਮਕੀ ਭਰੇ ਫੋਨ, ਭੱਦੇ ਸੰਦੇਸ਼ ਅਤੇ ਟਿੱਪਣੀਆਂ ਆਉਂਦੀਆਂ ਸਨ, ਜਿਹਨਾਂ ਨਾਲ ਸੰਦੇਸ਼ ਭੇਜਣ ਵਾਲੇ ਦੇ ਬਲੋਚਿਸਤਾਨ ਦੇ ਦੁਸ਼ਮਣ ਹੋਣ ਦੀ ਮਾਨਸਿਕਤਾ ਪਤਾ ਲੱਗਦੀ ਸੀ।

ਨੋਟ- ਕਰੀਮਾ ਬਲੋਚ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News