ਕੈਨੇਡਾ : ''ਆਈਸਬਰਗ'' ਦਾ 8.5 ਲੱਖ ਰੁਪਏ ਦਾ ਕੀਮਤੀ ਪਾਣੀ ਚੋਰੀ

02/18/2019 11:37:03 AM

ਟੋਰਾਂਟੋ (ਬਿਊਰੋ)— ਕੈਨੇਡਾ ਦੇ ਨਿਊਫਾਊਂਡਲੈਂਡ ਵਿਚ ਚੋਰਾਂ ਨੇ ਇਕ ਵੋਦਕਾ ਕੰਪਨੀ ਵਿਚੋਂ 30 ਹਜ਼ਾਰ ਲੀਟਰ ਪਾਣੀ ਚੋਰੀ ਕਰ ਲਿਆ। ਪੁਲਸ ਨੂੰ ਹੁਣ ਉਨ੍ਹਾਂ ਚੋਰਾਂ ਦੀ ਤਲਾਸ਼ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅਸਲ ਵਿਚ ਚੋਰੀ ਹੋਇਆ ਪਾਣੀ ਸਾਧਾਰਨ ਨਹੀਂ ਸਗੋਂ ਇਕ ਆਈਸਬਰਗ ਦਾ ਸੀ। ਸ਼ੁੱਧਤਾ ਕਾਰਨ ਇਸ ਪਾਣੀ ਦੀ ਵਰਤੋਂ ਮਹਿੰਗੀ ਵੋਦਕਾ (ਸ਼ਰਾਬ) ਅਤੇ ਕੌਸਮੈਟਿਕ ਉਤਪਾਦ ਬਣਾਉਣ ਵਿਚ ਹੁੰਦੀ ਹੈ। ਆਈਸਬਰਗ ਕੰਪਨੀ ਮੁਤਾਬਕ ਚੋਰੀ ਹੋਏ ਪਾਣੀ ਦੀ ਕੀਮਤ ਕਰੀਬ 8.5 ਲੱਖ ਰੁਪਏ ਸੀ। 

ਕੰਪਨੀ ਦੇ ਕਰਮਚਾਰੀਆਂ 'ਤੇ ਸ਼ੱਕ
ਪੁਲਸ ਨੂੰ ਸ਼ੱਕ ਹੈ ਕਿ ਚੋਰਾਂ ਨੇ ਇਸ ਘਟਨਾ ਨੂੰ ਇਕ ਦਿਨ ਵਿਚ ਨਹੀਂ ਸਗੋਂ ਵੱਖ-ਵੱਖ ਦਿਨਾਂ ਵਿਚ ਅੰਜਾਮ ਦਿੱਤਾ। ਨਾਲ ਹੀ ਉਨ੍ਹਾਂ ਨੂੰ ਪਾਣੀ ਦੇ ਬਾਰੇ ਪੂਰੀ ਜਾਣਕਾਰੀ ਸੀ। ਕਿਉਂਕਿ ਆਮ ਲੋਕਾਂ ਨੂੰ ਆਈਸਬਰਗ ਅਤੇ ਸਧਾਰਨ ਪਾਣੀ ਵਿਚ ਅੰਤਰ ਪਤਾ ਨਹੀਂ ਹੁੰਦਾ। ਕੰਪਨੀ ਦੇ ਸੀ.ਈ.ਓ. ਡੇਵਿਡ ਮਾਇਰਸ ਨੇ ਘਟਨਾ 'ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਅੰਦਰੂਨੀ ਵਿਅਕਤੀ ਹੀ ਸ਼ਾਮਲ ਹੋ ਸਕਦਾ ਹੈ। ਕਿਉਂਕਿ ਇਕ ਪੂਰਾ ਟੈਂਕ ਸਿਰਫ ਉਹੀ ਖਾਲੀ ਕਰ ਸਕਦਾ ਹੈ ਜਿਸ ਨੂੰ ਲੌਕਸ ਦੇ ਪਾਸਵਰਡ ਪਤਾ ਹੋਣ ਕਿਉਂਕਿ ਪਾਣੀ ਨੂੰ ਆਮ ਤੌਰ 'ਤੇ ਖੁਫੀਆ ਤਰੀਕੇ ਨਾਲ ਰੱਖਿਆ ਜਾਂਦਾ ਹੈ।

ਕੰਪਨੀ ਨੂੰ ਮਿਲਣਗੇ ਬੀਮੇ ਦੇ ਪੈਸੇ
ਮਾਇਰਸ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਦਾ ਬੀਮਾ ਕਰਵਾਇਆ ਸੀ ਪਰ ਪਰੇਸ਼ਾਨੀ ਇਹ ਹੈ ਕਿ ਸਾਲ ਭਰ ਵਿਚ ਇਕ ਹੀ ਵਾਰ ਸਮੁੰਦਰ ਵਿਚ ਤੈਰ ਰਹੇ ਆਈਸਬਰਗ ਨੂੰ ਤੋੜ ਕੇ ਪਾਣੀ ਕੱਢਣ ਲਈ ਲਿਆਇਆ ਜਾ ਸਕਦਾ ਹੈ। ਸਰਦੀਆਂ ਵਿਚ ਆਈਸਬਰਗ ਪੂਰੀ ਤਰ੍ਹਾਂ ਨਾਲ ਠੋਸ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਟੁੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਮਾਇਰਸ ਨੇ ਕਿਹਾ,''ਹੋ ਸਕਦਾ ਹੈ ਚੋਰ ਸ਼ਰਾਬ ਦੀ ਚੋਰੀ ਕਰਨ ਆਏ ਹੋਣ ਅਤੇ ਉਨ੍ਹਾਂ ਨੂੰ ਟੈਂਕਰ ਚੋਰੀ ਕਰਦੇ ਸਮੇਂ ਭਰਮ ਹੋ ਗਿਆ ਹੋਵੇ। ਭਾਵੇਂਕਿ ਮੈਂ ਉਨ੍ਹਾਂ ਚੋਰਾਂ ਨਾਲ ਜ਼ਰੂਰ ਮਿਲਣਾ ਚਾਹਾਂਗਾ। ਸੰਭਵ ਹੈ ਕਿ ਉਨ੍ਹਾਂ ਨੂੰ ਆਈਸਬਰਗ ਦੇ ਪਾਣੀ ਬਾਰੇ ਪੂਰੀ ਜਾਣਕਾਰੀ ਹੋਵੇ।''

ਆਈਸਬਰਗ 'ਚੋਂ ਇੰਝ ਕੱਢਿਆ ਜਾਂਦਾ ਹੈ ਪਾਣੀ
ਮਾਇਰਸ ਮੁਤਾਬਕ ਆਈਸਬਰਗ ਤੋਂ ਪਾਣੀ ਕੱਢਣਾ ਬਹੁਤ ਮੁਸ਼ਕਲ ਕੰਮ ਹੈ। ਸਭ ਤੋਂ ਪਹਿਲਾਂ ਇਸ ਲਈ ਸਰਕਾਰ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਦੇ ਬਾਅਦ ਕੁਝ ਜਾਲੇ, ਹਾਈਡ੍ਰੋਲਿਕ, ਮਸ਼ੀਨਾਂ, ਰਾਈਫਲ ਅਤੇ ਕੱਟਣ ਵਾਲੀਆਂ ਮਸ਼ੀਨਾਂ ਦੀ ਵੀ ਲੋੜ ਪੈਂਦੀ ਹੈ। ਆਈਸਬਰਗ ਦੇ ਟੁੱਟਣ ਦੇ ਬਾਅਦ ਉਸ ਨੂੰ ਇਕ ਸਪੀਡਬੋਟ ਦੀ ਮਦਦ ਨਾਲ ਕਿਨਾਰੇ ਤੱਕ ਖਿੱਚਿਆ ਜਾਂਦਾ ਹੈ ਅਤੇ ਫਿਰ ਕ੍ਰੇਨ ਨਾਲ ਚੁੱਕ ਕੇ ਕੰਟੇਨਰ ਵਿਚ ਰੱਖਿਆ ਜਾਂਦਾ ਹੈ। ਭਾਫ ਨਾਲ ਇਸ ਨੂੰ ਸਾਫ ਕੀਤਾ ਜਾਂਦਾ ਹੈ।


Vandana

Content Editor

Related News