ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ, 27 ਵਿਆਹ ਕਰਾ ਕੇ 150 ਬੱਚਿਆਂ ਦਾ ਪਿਤਾ ਬਣਿਆ ਸ਼ਖਸ (ਤਸਵੀਰਾਂ)
Sunday, Jan 24, 2021 - 04:58 PM (IST)
ਟੋਰਾਂਟੋ (ਬਿਊਰੋ): ਮੌਜੂਦਾ ਸਮੇਂ ਵਿਚ ਜਿੱਥੇ ਲੋਕ ਇਕ ਜਾਂ ਦੋ ਬੱਚੇ ਹੀ ਪੈਦਾ ਕਰਨਾ ਪਸੰਦ ਕਰਦੇ ਹਨ ਉੱਥੇ ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਬਾਰੇ ਦੱਸ ਰਹੇ ਹਾਂ ਜੋ 150 ਬੱਚਿਆਂ ਦਾ ਪਿਤਾ ਹੈ। ਇਹ ਕੋਈ ਮਜ਼ਾਕ ਨਹੀਂ ਸਗੋਂ ਸੱਚ ਹੈ। ਕੈਨੇਡਾ ਦੇ 19 ਸਾਲਾ ਮੁੰਡੇ ਮਰਲਿਨ ਬਲੈਕਮੋਰ ਨੇ ਆਪਣੇ ਪਰਿਵਾਰ ਦੇ ਰਹੱਸ ਦਾ ਖੁਲਾਸਾ ਕੀਤਾ ਹੈ। ਕੈਨੇਡਾ ਦੇ ਰਹਿਣ ਵਾਲੇ ਵਿੰਸਟਨ ਬਲੈਕਮੋਰ (64) ਨੇ 27 ਵਿਆਹ ਕੀਤੇ ਹਨ ਅਤੇ ਉਹਨਾਂ ਦੇ 150 ਬੱਚੇ ਹਨ। ਕੈਨੇਡਾ ਵਿਚ ਇਹਨਾਂ ਦੀ ਪਛਾਣ ਬਹੁਪਤਨੀਵਾਦੀ ਦੇ ਰੂਪ ਵਿਚ ਕੀਤੀ ਗਈ ਹੈ। ਪਰਿਵਾਰ ਦੇ ਇਸ ਰਹੱਸ ਦਾ ਖੁਲਾਸਾ ਮਰਲਿਨ ਬਲੈਕਮੋਰ ਦੇ ਟਿਕਟਾਕ ਜ਼ਰੀਏ ਕੀਤਾ। ਮਰਲਿਨ ਦੇ ਨਾਲ ਉਹਨਾਂ ਦੇ ਭਰਾ ਮੁਰੇ (19) ਅਤੇ ਵਾਰੇਨ (21) ਨੇ ਆਪਣੀ ਕਹਾਣੀ ਦੁਨੀਆ ਸਾਹਮਣੇ ਰੱਖੀ ਹੈ।
ਆਪਣੇ ਟਿਕਟਾਕ ਵੀਡੀਓ ਵਿਚ ਮਰਲਿਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵੱਡਾ ਘਰ ਬਣਾਇਆ ਸੀ। ਇਸੇ ਘਰ ਵਿਚ ਉਹ ਆਪਣੀਆਂ 27 ਪਤਨੀਆਂ ਨਾਲ ਰਹਿੰਦੇ ਸਨ। ਭਾਵੇਂਕਿ ਦੇਖਦੇ ਹੀ ਦੇਖਦੇ 150 ਬੱਚੇ ਹੋ ਗਏ ਅਤੇ ਜਦੋਂ ਪਰਿਵਾਰ ਵੱਡਾ ਹੋਇਆ ਤਾਂ ਉਹਨਾਂ ਨੇ ਉਸੇ ਇਲਾਕੇ ਵਿਚ ਕਈ ਘਰ ਖਰੀਦ ਲਏ। ਹਰ ਘਰ ਵਿਚ ਦੋ ਪਤਨੀਆਂ ਅਤੇ 18 ਬੱਚੇ ਰਹਿੰਦੇ ਹਨ।
ਵੀਡੀਓ ਵਿਚ ਮਰਲਿਨ ਨੇ ਦੱਸਿਆ ਕਿ ਉਹਨਾਂ ਦੇ ਕਈ ਭਰਾਵਾਂ ਅਤੇ ਭੈਣਾਂ ਦਾ ਜਨਮਦਿਨ ਇਕ ਹੀ ਦਿਨ ਹੁੰਦਾ ਹੈ ਅਤੇ ਜਦੋਂ ਪਾਰਟੀ ਹੁੰਦੀ ਸੀ ਤਾਂ ਘਰ ਅੰਦਰ ਕਾਫੀ ਭੀੜ ਵਰਗਾ ਮਾਹੌਲ ਬਣ ਜਾਂਦਾ ਹੈ। ਭਾਵੇਂਕਿ ਸਾਰੇ 150 ਭੈਣ-ਭਰਾ ਪਾਰਟੀ ਵਿਚ ਨਹੀਂ ਆਉਂਦੇ। ਜਿਸ ਸ਼ਖਸ ਦਾ ਜਨਮਦਿਨ ਹੁੰਦਾ ਹੈ ਉਸ ਦੀ ਉਮਰ ਦੇ ਲੋਕ ਹੀ ਪਾਰਟੀ ਵਿਚ ਸ਼ਾਮਲ ਹੁੰਦੇ ਹਨ।
ਮਰਲਿਨ ਨੇ ਆਪਣੇ ਵੀਡੀਓ ਵਿਚ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਬਾਰੇ ਵਿਚ ਦੱਸਣਾ ਚਾਹੁੰਦਾ ਸੀ ਪਰ ਉਹਨਾਂ ਨੂੰ ਡਰ ਸੀ ਕਿ ਲੋਕ ਮਜ਼ਾਕ ਉਡਾਉਣਗੇ ਜਾਂ ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਸ਼ਿਫਟ ਹੋਣ ਮਗਰੋਂ ਮਰਲਿਨ ਨੇ ਆਪਣੇ ਪਰਿਵਾਰ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਸ ਦੇ ਭੈਣ-ਭਰਾਵਾਂ ਦੀ ਉਮਰ ਵਿਚ ਵੀ ਕਾਫੀ ਫਰਕ ਹੈ। ਉਹਨਾਂ ਦਾ ਸਭ ਤੋਂ ਵੱਡਾ ਭਰਾ 44 ਸਾਲ ਦਾ ਹੈ ਜਦਕਿ ਸਭ ਤੋਂ ਛੋਟਾ ਭਰਾ 1 ਸਾਲ ਦਾ ਹੈ। ਮਰਲਿਨ ਨੇ ਕਿਹਾ ਕਿ ਭਾਵੇਂਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਉਸ ਦੇ ਪਿਤਾ ਨੇ ਇੰਨੇ ਵਿਆਰ ਕਿਉਂ ਕੀਤੇ।
ਮਰਲਿਨ ਨੇ ਦੱਸਿਆ ਕਿ ਉਸ ਦੇ ਪਿਤਾ ਵਿੰਸਟਨ ਆਪਣੀਆਂ ਪਤਨੀਆਂ ਨਾਲ ਸਕੂਲ ਚਲਾਉਂਦੇ ਹਨ ਕਿਉਂਕਿ ਇੰਨੇ ਵੱਡੇ ਘਰ ਦਾ ਖਰਚ ਵੀ ਕਾਫੀ ਜ਼ਿਆਦਾ ਹੈ। ਇਸ ਲਈ ਉਹ ਖੁਦ ਖੇਤਾਂ ਵਿਚ ਸਬਜ਼ੀ ਉਗਾਉਂਦੇ ਸਨ। ਆਲੂ-ਟਮਾਟਰ ਕਦੇ ਮਾਰਕੀਟ ਤੋਂ ਨਹੀਂ ਲਿਆਂਦੇ ਗਏ। ਸਕੂਲ ਦੇ ਬਾਅਦ ਜਿੰਨਾ ਵੀ ਸਮਾਂ ਬਚਦਾ ਹੈ ਉਹ ਖੇਤੀ ਕਰਦੇ ਹਨ। ਮਰਲਿਨ ਨੇ ਕਿਹਾ ਕਿ ਅਸੀਂ ਸਾਰੇ ਭੈਣ-ਭਰਾ ਪਿਤਾ ਦੇ ਸਕੂਲ ਵਿਚ ਹੀ ਪੜ੍ਹੇ ਹਾਂ। ਮੇਰੀ ਕਲਾਸ ਵਿਚ 19 ਬੱਚੇ ਸਨ ਅਤੇ ਸਾਰੇ ਮੇਰੇ ਭੈਣ-ਭਰਾ ਹੀ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।