ਰੋਹਿੰਗਿਆ ਕੈਂਪਾਂ ''ਚ ਹੈਜੇ ਤੋਂ ਬਚਾਅ ਦਾ ਟੀਕਾਕਰਣ ਸ਼ੁਰੂ
Tuesday, Oct 10, 2017 - 05:53 PM (IST)
ਥਾਨਖਲੀ (ਭਾਸ਼ਾ)— ਸੰਯੁਕਤ ਰਾਸ਼ਟਰ ਨੇ ਦੱਖਣੀ-ਪੂਰਬੀ ਬੰਗਲਾਦੇਸ਼ ਵਿਚ ਕੈਂਪਾਂ ਵਿਚ ਰਹਿ ਰਹੇ 10 ਲੱਖ ਰੋਹਿੰਗਿਆ ਸ਼ਰਨਾਰਥੀਆਂ ਨੂੰ ਹੈਜੇ ਤੋਂ ਬਚਾਅ ਦਾ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਰੋਹਿੰਗਿਆ ਲੋਕਾਂ ਵਿਚ ਹੈਜਾ ਦੀ ਮਹਾਮਾਰੀ ਫੈਲਣ ਦੀ ਸੰਭਾਵਨਾ ਕਾਰਨ ਹਜ਼ਾਰਾਂ ਮਰਦ ਅਤੇ ਔਰਤਾਂ ਮੰਗਲਵਾਰ ਨੂੰ ਅਸਥਾਈ ਸਿਹਤ ਕੇਂਦਰਾਂ ਵਿਚ ਟੀਕਾ ਲਗਵਾਉਣ ਲਈ ਲਾਈਨਾਂ ਵਿਚ ਲੱਗੇ ਦਿੱਸੇ। ਸੰਯੁਕਤ ਰਾਸ਼ਟਰ, ਬੰਗਲਾਦੇਸ਼ ਦੀ ਸਰਕਾਰ ਨਾਲ ਮਿਲ ਕੇ ਕੈਂਪਾਂ ਵਿਚ ਰਹਿ ਰਹੇ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ, ਤਾਂਜੋ ਕੈਂਪਾਂ ਵਿਚ ਰਹਿਣ ਵਾਲੇ ਲੋਕ ਗੰਦੇ ਪਾਣੀ ਨਾਲ ਫੈਲਣ ਵਾਲੀ ਇਸ ਬੀਮਾਰੀ ਦੇ ਪ੍ਰਭਾਵ ਤੋਂ ਬਚੇ ਰਹਿਣ। ਯੂਨੀਸੈਫ ਦੇ ਬੁਲਾਰਾ ਐ. ਐੱਮ. ਸ਼ਕੀਲ ਫੈਜ਼ੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ,''ਇਨ੍ਹਾਂ ਲੋਕਾਂ ਕੋਲ ਟਾਇਲਟ, ਸਾਫ ਪਾਣੀ ਅਤੇ ਬੁਨਿਆਦੀ ਲੋੜਾਂ ਦੀਆਂ ਚੀਜ਼ਾਂ ਦੀ ਕਮੀ ਹੈ। ਅਜਿਹੀ ਸਥਿਤੀ ਵਿਚ ਹੈਜਾ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ।''