ਕੈਲੀਫੋਰਨੀਆ ਨਿਵਾਸੀ ''ਤੇ ਲੱਗੇ ਏਸ਼ੀਅਨ ਅਮਰੀਕੀ ਜਨਾਨੀ ’ਤੇ ਪੱਥਰ ਸੁੱਟਣ ਦੇ ਦੋਸ਼
Wednesday, Apr 07, 2021 - 12:48 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ’ਚ ਇੱਕ ਵਿਅਕਤੀ, ਜਿਸ ਨੇ ਕਥਿਤ ਤੌਰ 'ਤੇ ਏਸ਼ੀਅਨ ਜਨਾਨੀ ਤੇ ਉਸ ਦੇ 6 ਸਾਲ ਦੇ ਬੇਟੇ 'ਤੇ ਪੱਥਰ ਸੁੱਟੇ ਸਨ, ਉੱਪਰ ਸੋਮਵਾਰ ਨਫ਼ਰਤ ਭਰੇ ਅਪਰਾਧ ਦੇ ਦੋਸ਼ ਲਾਏ ਗਏ ਹਨ ਅਤੇ ਇਹ ਹਮਲਾ ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਤਾਜ਼ੀ ਘਟਨਾ ਹੈ। ਇਸ ਮਾਮਲੇ ’ਚ ਆਰੇਂਜ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਅਨੁਸਾਰ 28 ਸਾਲਾ ਰੋਜਰ ਜਾਨਕੇ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਇੱਕ ਵਾਹਨ ’ਤੇ ਪੱਥਰ ਸੁੱਟਣ ਅਤੇ ਨਫ਼ਰਤ ਭਰੇ ਅਪਰਾਧਾਂ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਨਕੇ ’ਤੇ ਏਸ਼ੀਅਨ ਔਰਤ ਤੇ ਉਸ ਦੇ ਬੇਟੇ ਉੱਪਰ ਦੋ ਪੱਥਰ ਸੁੱਟਣ ਦਾ ਦੋਸ਼ ਹੈ, ਜਦੋਂ ਉਹ ਲਾਸ ਏਂਜਲਸ ਤੋਂ 25 ਮੀਲ ਦੂਰ ਦੱਖਣ-ਪੂਰਬ ’ਚ ਫੁੱਲਰਟਨ ’ਚ ਗੱਡੀ ਚਲਾ ਰਹੇ ਸਨ।
ਅਧਿਕਾਰੀਆਂ ਅਨੁਸਾਰ ਪੱਥਰਾਂ ਨੇ ਔਰਤ ਦੀ ਟੇਸਲਾ ਕਾਰ ਦੀ ਵਿੰਡਸ਼ੀਲਡ ਨੂੰ ਤੋੜ ਦਿੱਤਾ ਅਤੇ ਉਸ ਦੇ ਬੰਪਰ ਨੂੰ ਵੀ ਨੁਕਸਾਨ ਪਹੁੰਚਾਇਆ। ਦੋਸ਼ੀ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਖੇਤਰ ਦੇ ਕੋਰੀਅਨ ਲੋਕ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ’ਚ ਦੋਸ਼ੀ ਵਿਅਕਤੀ ਨੂੰ ਵੱਧ ਤੋਂ ਵੱਧ 6 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾ ਰਹੇ ਨਫ਼ਰਤ ਭਰੇ ਜੁਰਮਾਂ ਦੀ ਤਾਜ਼ਾ ਘਟਨਾ ਹੈ। ਸਾਨ ਫਰਾਂਸਿਸਕੋ ਆਧਾਰਿਤ ਸੰਸਥਾ ‘ਸਟਾਪ ਏ. ਪੀ. ਆਈ. ਹੇਟ’ ਨੂੰ ਤਕਰੀਬਨ 3800 ਘਟਨਾਵਾਂ ਦੀ ਖ਼ਬਰ ਮਿਲੀ ਹੈ, ਜੋ ਏਸ਼ੀਆਈ ਅਮਰੀਕੀਆਂ ਅਤੇ ਪੈਸੀਫਿਕ ਟਾਪੂ ਵਾਸੀਆਂ ਪ੍ਰਤੀ ਵਿਤਕਰੇ ਨਾਲ ਸਬੰਧਤ ਹਨ।