ਕੈਲੇਫੋਰਨੀਆ ਪੰਜਾਬੀ ਕਲੱਬ ਨੇ ਕਲੋਵਿਸ 'ਚ ਕਰਵਾਈ 'ਦੇਬੀ ਨਾਈਟ', ਮਖਸੂਸਪੁਰੀ ਤੇ ਧਰਮਵੀਰ ਥਾਂਦੀ ਨੇ ਲਾਈਆਂ ਰੌਣਕਾਂ
Tuesday, Jul 29, 2025 - 02:19 AM (IST)

ਫਰਿਜ਼ਨੋ, ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਲੇਫੋਰਨੀਆ ਪੰਜਾਬੀ ਕਲੱਬ ਅਤੇ ਕਲੋਵਿਸ ਕੈਸਲ ਵੱਲੋਂ ਗਾਇਕੀ ਦੇ ਸਿਰਮੌਰ ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ ਦੀ ਸ਼ੇਅਰੋ-ਸ਼ਾਇਰੀ ਅਤੇ ਗੀਤਾਂ ਨਾਲ ਮਨੋਰੰਜਨ ਭਰਪੂਰ ਨਾਈਟ ਕਰਵਾਈ ਗਈ। ਇਸ ਦੇਬੀ ਨਾਈਟ ਦੀ ਸ਼ੁਰੂਆਤ ਬੀਬੀ ਜੋਤ ਰਣਜੀਤ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਨ ਨਾਲ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ। ਜਿਸ ਦੌਰਾਨ ਪਹਾੜਾਂ ਦੀਆਂ ਹੁਸੀਨ ਵਾਦੀਆਂ ਵਿੱਚ ਸਥਿਤ ਕਲੋਵਿਸ ਕੈਸਲ ਵਿਖੇ ਦੇਬੀ ਮਖਸੂਸਪੁਰੀ ਨੇ ਆਪਣੇ ਗੀਤ “ਰਿਸ਼ਤਾ ਰੱਖੋ ਆਸ ਨਾ ਰੱਖੋ, ਗੱਲ ਸਮਝ ਵਿੱਚ ਆ ਗਈ” ਆਦਿਕ ਆਪਣੇ ਬਹੁਤ ਸਾਰੇ ਨਵੇਂ-ਪੁਰਾਣੇ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਸ਼ਾਂਤ ਵਾਤਾਵਰਣ ਵਿੱਚ ਦੇਬੀ ਦੀ ਗਾਇਕੀ ਸਰੋਤਿਆਂ ਨੂੰ ਕੀਲ ਕੇ ਆਪਣੇ ਅਤੀਤ ਵਿੱਚ ਲੈ ਕੇ ਜਾ ਰਹੀ ਸੀ। ਹਰ ਕੋਈ ਇਸ ਦਾ ਭਰਪੂਰ ਆਨੰਦ ਮਾਣ ਰਿਹਾ ਸੀ।
ਇਹ ਵੀ ਪੜ੍ਹੋ : ਹੁਣ ਆਸਾਨੀ ਨਾਲ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਨਿਯਮਾਂ 'ਚ ਵੱਡੇ ਬਦਲਾਅ
ਇਸੇ ਤਰ੍ਹਾਂ ਦੇਬੀ ਨਾਈਟ ਦੇ ਅਗਲੇ ਦੌਰ ਵਿੱਚ ਸਥਾਨਕ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਨੇ “ਚੰਨਾ ਤਾਰੇ ਤੇਰੇ ਕੋਲ ਹੋਣਗੇ, ਅਸੀਂ ਤਾਂ ਕੱਲੇ ਬਹਿ ਕੇ ਰੋਈਏ” ਆਦਿਕ ਬਹੁਤ ਸਾਰੇ ਗੀਤ ਹਾਜ਼ਰੀਨ ਦੀ ਮੰਗ ‘ਤੇ ਆਪਣੇ ਵਿਰਸੇ ਅਤੇ ਰਿਸ਼ਤਿਆਂ ਨਾਲ ਜੁੜੇ ਗੀਤ ਗਾ ਕੇ ਵਾਹ-ਵਾਹ ਕਰਵਾਈ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਸਰੋਤੇ ਕੁਝ ਪਲਾਂ ਲਈ ਜਾਪਦਾ ਸੀ ਕਿ ਸੱਚਮੁੱਚ ਆਪਣੇ ਪਰਿਵਾਰਾਂ ਵਿੱਚ ਪੰਜਾਬ ਪਹੁੰਚ ਗਏ ਹੋਣ। ਇਸ ਪ੍ਰੋਗਰਾਮ ਦੌਰਾਨ ਸਮੂਹ ਹਾਜ਼ਰੀਨ ਲਈ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਰਾਤਰੀ ਦੇ ਭੋਜਨ ਦਾ ਸਭ ਨੇ ਆਨੰਦ ਮਾਣਿਆ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕਾਂ ਵਿੱਚੋਂ ਧਰਮਵੀਰ ਥਾਂਦੀ, ਗੁੱਲੂ ਬਰਾੜ, ਸ਼ਿੰਦਾ ਚਾਹਲ, ਗੋਰਾ ਮੁਲਤਾਨੀ, ਸਤਨਾਮ ਸੈਣੀ, ਪਵਨ ਬਾਂਸਲ, ਪੂਰਨ ਥਾਂਦੀ ਆਦਿਕ ਅਤੇ ਸਹਿਯੋਗੀ ਵਧਾਈ ਦੇ ਪਾਤਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8