ਕੈਲੀਫੋਰਨੀਆ : ਹਸਪਤਾਲ 'ਚ ਐਮਰਜੈਂਸੀ ਕਮਰੇ ਦੇ 44 ਕਰਮਚਾਰੀ ਕੋਰੋਨਾ ਪਾਜ਼ੀਟਿਵ
Tuesday, Jan 05, 2021 - 09:06 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਕੈਲੀਫੋਰਨੀਆ ਵਿਚ ਵਾਇਰਸ ਦਾ ਫੈਲਾਅ ਲਗਾਤਾਰ ਜਾਰੀ ਹੈ। ਸੂਬੇ ਵਿਚ ਹੋ ਰਹੇ ਹੋਰ ਮਾਮਲਿਆਂ ਦੇ ਨਾਲ ਕੋਰੋਨਾ ਨੇ ਇਕ ਹਸਪਤਾਲ ਦੇ 44 ਸਟਾਫ਼ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਹ ਸੈਨ ਜੋਸ ਹਸਪਤਾਲ ਦੇ ਐਮਰਜੈਂਸੀ ਰੂਮ ਸਟਾਫ਼ ਵਿਚਕਾਰ ਕੋਵਿਡ-19 ਦੇ ਫੈਲਣ ਦੀ ਜਾਂਚ ਕਰ ਰਹੇ ਹਨ। ਇੱਥੇ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ 44 ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਕਿਹਾ ਜਾ ਰਿਹਾ ਹੈ ਕਿ ਇਕ ਕਰਮਚਾਰੀ ਨੇ ਹਵਾ ਨਾਲ ਚੱਲਣ ਵਾਲਾ ਪਹਿਰਾਵਾ ਪਾਇਆ ਸੀ ਤੇ ਇਸ ਬਾਅਦ ਇੱਥੇ ਕੋਰੋਨਾ ਦੇ ਮਾਮਲੇ ਫੈਲਣੇ ਸ਼ੁਰੂ ਹੋ ਗਏ।
ਇਸ ਮਾਮਲੇ ਦੇ ਸਬੰਧ ਵਿੱਚ ਹਸਪਤਾਲ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਏਰੀਆ ਮੈਨੇਜਰ ਆਇਰੀਨ ਸ਼ਾਵੇਜ਼ ਅਨੁਸਾਰ ਕੈਸਰ ਪਰਮਾਨੈਂਟ ਸੈਨ ਜੋਸ ਐਮਰਜੈਂਸੀ ਵਿਭਾਗ ਦੇ ਕਰਮਚਾਰੀਆਂ ਨੇ 27 ਦਸੰਬਰ ਤੋਂ 1 ਜਨਵਰੀ ਵਿਚਕਾਰ ਪਾਜ਼ੀਟਿਵ ਟੈਸਟ ਕੀਤੇ ਹਨ ਅਤੇ ਵਾਇਰਸ ਨਾਲ ਪ੍ਰਭਾਵਿਤ ਕਰਮਚਾਰੀ ਇਕਾਂਤਵਾਸ ਹੋ ਰਹੇ ਹਨ। ਸ਼ਾਵੇਜ਼ ਅਨੁਸਾਰ ਵਾਇਰਸ ਦੇ ਇਸ ਪ੍ਰਕੋਪ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਗਈ ਹੈ ਅਤੇ ਇਹ ਡਾਕਟਰੀ ਸਹੂਲਤ ਮਰੀਜ਼ਾਂ ਲਈ ਖੁੱਲ੍ਹੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ।