ਭਿਆਨਕ ਟੱਕਰ ਮਗਰੋਂ ਲੀਹੋਂ ਲੱਥੀ ਟਰੇਨ, ਚਕਨਾਚੂਰ ਹੋਇਆ ਟਰੱਕ, ਡੇਢ ਦਰਜਨ ਦੇ ਕਰੀਬ ਯਾਤਰੀ ਜ਼ਖ਼ਮੀ
Thursday, Jun 29, 2023 - 12:31 PM (IST)

ਲਾਸ ਏਂਜਲਸ (ਵਾਰਤਾ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਪਾਣੀ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 16 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰੀ ਯਾਤਰੀ ਰੇਲਮਾਰਗ ਕੰਪਨੀ ਐਮਟਰੈਕ ਦੇ ਮਾਲਕ ਨੇ ਦੱਸਿਆ ਕਿ ਇਹ ਹਾਦਸਾ ਕੈਲੀਫੋਰਨੀਆ ਦੇ ਦੱਖਣੀ ਵੈਂਚੁਰਾ ਕਾਉਂਟੀ ਦੇ ਸ਼ਹਿਰ ਮੂਰਪਾਰਕ ਵਿੱਚ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:15 ਵਜੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਲਾਸ ਏਂਜਲਸ ਤੋਂ ਸਿਆਟਲ ਜਾ ਰਹੀ ਟਰੇਨ ਪਟੜੀ ਤੋਂ ਉਤਰ ਗਈ ਪਰ ਸਿੱਧੀ ਖੜ੍ਹੀ ਰਹਿਣ ਕਾਰਨ ਵੱਡਾ ਹਾਦਸਾ ਟਲ ਗਿਆ। ਕੰਪਨੀ ਨੇ ਦੱਸਿਆ ਕਿ ਟਰੇਨ 'ਚ ਕਰੀਬ 198 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਘਟਨਾ 'ਚ ਜ਼ਖ਼ਮੀ ਹੋਏ ਟਰੱਕ ਡਰਾਈਵਰ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵੈਂਚੁਰਾ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਆਪਣੇ ਫੇਸਬੁੱਕ ਪੇਜ 'ਤੇ ਘਟਨਾ ਵਾਲੀ ਥਾਂ ਤੋਂ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਹਾਦਸੇ ਵਿੱਚ ਟਰੇਨ ਅਤੇ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਫਾਇਰ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੀਆਂ ਟੀਮਾਂ ਨੇ ਘਟਨਾ ਸਥਾਨ ਨੂੰ ਸਾਫ਼ ਕਰ ਦਿੱਤਾ ਹੈ। ਐਮਟਰੈਕ ਨੇ ਕਿਹਾ ਕਿ ਉਸ ਨੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਾਂਚ ਸ਼ੁਰੂ ਕੀਤੀ ਹੈ।