ਕੈਲੀਫੋਰਨੀਆ : ਲੱਖਾਂ ਡਾਲਰਾਂ ਦੀ ਜੇਤੂ ਲਾਟਰੀ ਟਿਕਟ ਔਰਤ ਨੇ ਕੱਪੜਿਆਂ ’ਚ ਧੋ ਦਿੱਤੀ

Saturday, May 15, 2021 - 12:15 PM (IST)

ਕੈਲੀਫੋਰਨੀਆ : ਲੱਖਾਂ ਡਾਲਰਾਂ ਦੀ ਜੇਤੂ ਲਾਟਰੀ ਟਿਕਟ ਔਰਤ ਨੇ ਕੱਪੜਿਆਂ ’ਚ ਧੋ ਦਿੱਤੀ

ਫ਼ਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਕੈਲੀਫੋਰਨੀਆ ’ਚ ਇੱਕ ਔਰਤ ਨੇ ਲੱਖਾਂ ਡਾਲਰ ਦੀ ਜੇਤੂ ਲਾਟਰੀ ਟਿਕਟ, ਜਿਸ ਦਾ ਉਹ ਦਾਅਵਾ ਕਰਦੀ ਹੈ, ਨੂੰ ਕੱਪੜਿਆਂ ’ਚ ਧੋ ਕੇ ਨਸ਼ਟ ਕਰ ਦਿੱਤਾ। ਉਸ ਨੇ 26 ਮਿਲੀਅਨ ਡਾਲਰ ਦੇ ਇਨਾਮ ਦੇ ਜੇਤੂ ਦੀ ਕਿਸਮਤ ਦੇ ਮੌਕੇ ਨੂੰ ਵੀ ਧੋ ਦਿੱਤਾ ਹੈ। 14 ਨਵੰਬਰ ਦੀ ਡਰਾਇੰਗ ਲਈ ਜੇਤੂ ਸੁਪਰਲੋਟੋ ਪਲੱਸ ਟਿਕਟ ਲਾਸ ਏਂਜਲਸ ਦੇ ਨੌਰਵਾਲਕ ਦੇ ਉਪਨਗਰ ’ਚ ਇਕ ਆਰਕੋ ਏ. ਐੱਮ./ਪੀ. ਐੱਮ. ਸੁਵਿਧਾ ਸਟੋਰ ’ਚ ਵੇਚੀ ਗਈ ਸੀ ਅਤੇ ਵੀਰਵਾਰ ਇਸ ਨੂੰ ਲੈਣ ਲਈ ਆਖਰੀ ਦਿਨ ਸੀ। ਸਟੋਰ ਦੇ ਕਰਮਚਾਰੀ ਐਸਪੇਰੇਂਜਾ ਹਰਨਡੇਜ਼ ਦੇ ਅਨੁਸਾਰ ਇੱਕ ਔਰਤ ਬੁੱਧਵਾਰ ਨੂੰ ਸਟੋਰ ’ਚ ਆਈ ਅਤੇ ਉਸ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਨੇ ਟਿਕਟ ਆਪਣੀ ਪੈਂਟ ਵਿੱਚ ਪਾ ਦਿੱਤੀ ਸੀ ਅਤੇ ਇਹ ਲੌਂਡਰੀ ’ਚ ਨਸ਼ਟ ਹੋ ਗਈ ਹੈ।

ਇਸ ਸਬੰਧੀ ਸਟੋਰ ਦੇ ਮੈਨੇਜਰ ਨੇ ਦੱਸਿਆ ਕਿ ਨਿਗਰਾਨੀ ਵਾਲੀ ਵੀਡੀਓ ਨੇ ਔਰਤ ਨੂੰ ਦਿਖਾਇਆ ਹੈ, ਜਿਸ ਨੇ ਟਿਕਟ ਖਰੀਦੀ ਹੈ ਅਤੇ ਸਟੋਰ ਦੇ ਕਰਮਚਾਰੀ ਵੀ ਉਸ ਨੂੰ ਜਾਣਦੇ ਹਨ ਅਤੇ ਇਸ ਨਿਗਰਾਨੀ ਵੀਡੀਓ ਦੀ ਇਕ ਕਾਪੀ ਕੈਲੀਫੋਰਨੀਆ ਦੇ ਲਾਟਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਜਿਸ ਉਪਰੰਤ ਲਾਟਰੀ ਦੇ ਬੁਲਾਰੇ ਕੈਥੀ ਜੌਹਨਸਟਨ ਨੇ ਕਿਹਾ ਕਿ ਇਸ ਦਾਅਵੇ ਦੀ ਜਾਂਚ ਕੀਤੀ ਜਾਵੇਗੀ। ਲਾਟਰੀ ਅਧਿਕਾਰੀਆਂ ਅਨੁਸਾਰ  ਲਾਟਰੀ ਦੇ ਜੇਤੂ ਨੂੰ ਲਾਜ਼ਮੀ ਦਾਅਵੇ ਦਾ ਫਾਰਮ ਭਰਨਾ ਪਵੇਗਾ ਅਤੇ ਜੇ ਕੋਈ ਟਿਕਟ ਗੁਆ ਦਿੰਦਾ ਹੈ, ਤਾਂ ਉਸ ਨੂੰ ਟਿਕਟ ਦੇ ਅਗਲੇ ਅਤੇ ਪਿਛਲੇ ਪਾਸੇ ਦੀ ਤਸਵੀਰ ਟਿਕਟ ਦੀ ਮਾਲਕੀ ਦੇ ਤੌਰ ’ਤੇ ਦੇਣੀ ਜ਼ਰੂਰੀ ਹੈ। ਇਸ ਲਾਟਰੀ ਦੇ ਜੇਤੂ ਨੰਬਰ 23, 36, 12, 31, 13 ਅਤੇ ਵੱਡਾ ਨੰਬਰ 10 ਸੀ। 26 ਮਿਲੀਅਨ ਡਾਲਰ ਦਾ ਇਨਾਮ ਸਾਲਾਨਾ ਕਿਸ਼ਤਾਂ ’ਚ ਜਾਂ ਇੱਕ 19.7 ਮਿਲੀਅਨ ਨਕਦ ਬਦਲ ਵਜੋਂ ਲਿਆ ਜਾ ਸਕਦਾ ਹੈ। ਜੇਕਰ ਇਨਾਮ ਦਾ ਦਾਅਵਾ ਨਹੀਂ ਕੀਤਾ ਜਾਂਦਾ ਤਾਂ 19.7 ਮਿਲੀਅਨ ਡਾਲਰ ਕੈਲੀਫੋਰਨੀਆ ਦੇ ਪਬਲਿਕ ਸਕੂਲ ’ਚ ਜਾਣਗੇ। ਇਸ ਦੇ ਨਾਲ ਹੀ ਟਿਕਟ ਵੇਚਣ ਵਾਲੇ ਸਟੋਰ ਨੂੰ ਵੀ 1,30,000 ਡਾਲਰ ਦਾ ਬੋਨਸ ਮਿਲੇਗਾ।


author

Manoj

Content Editor

Related News