ਫਰਿਜ਼ਨੋ ''ਚ ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਦੇਣ ਵਾਲੇ ਸਾਬਕਾ ਚੀਨੀ ਅਮਰੀਕੀ ਸੈਨਿਕ ਸਨਮਾਨਿਤ

2021-06-28T10:39:51.6

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਵਿੱਚ ਸ਼ਨੀਵਾਰ ਨੂੰ ਦੂਜੇ ਵਿਸ਼ਵ ਯੁੱਧ  ਵਿੱਚ ਸੇਵਾਵਾਂ ਦੇਣ ਵਾਲੇ ਚਾਰ ਜੀਵਿਤ ਚੀਨੀ ਅਮਰੀਕੀ ਸਾਬਕਾ ਸੈਨਿਕਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦੇ ਨਾਲ ਸੈਂਕੜੇ ਹੋਰ ਜਿਹਨਾਂ ਦੀ ਯੁੱਧ ਦੌਰਾਨ ਮੌਤ ਹੋ ਗਈ ਸੀ, ਨੂੰ ਯਾਦ ਕੀਤਾ ਗਿਆ।ਫਰਿਜ਼ਨੋ ਵਿੱਚ ਸ਼ਨੀਵਾਰ 26 ਜੂਨ, 2021 ਨੂੰ ਸਵੇਰੇ ਵੈਟਰਨਜ਼ ਮੈਮੋਰੀਅਲ ਮਿਊਜ਼ੀਅਮ ਵਿੱਚ ਇਹਨਾਂ ਚਾਰ  ਚੀਨੀ ਅਮਰੀਕੀ ਸੈਨਿਕਾਂ ਨੂੰ ਤਗਮੇ ਭੇਂਟ ਕਰਨ ਦੀ ਰਸਮ ਕੀਤੀ ਗਈ।

ਇਸ ਮੌਕੇ ਜਿਹਨਾਂ ਚਾਰ ਵਿਸ਼ਵ ਯੁੱਧ 2 ਵਿੱਚ ਭਾਗ ਲੈਣ ਵਾਲੇ ਚੀਨੀ ਅਮਰੀਕੀ ਸੈਨਿਕਾਂ ਨੂੰ ਮੈਡਲ ਦਿੱਤਾ ਗਿਆ ਉਹਨਾਂ ਵਿੱਚ ਹੈਨਸਨ ਚਿਨ, ਵਿੰਗ ਟੱਕ ਚਿਨ, ਰੇਮੰਡ ਲੀ ਅਤੇ ਐਡਵਰਡ ਸਿੰਗ ਕੁਆਨ ਆਦਿ ਸਾਬਕਾ ਸੈਨਿਕ ਸ਼ਾਮਲ ਸਨ। ਸ਼ਨੀਵਾਰ ਦੇ ਇਸ ਸਮਾਰੋਹ ਵਿੱਚ ਸੈਨਿਕਾਂ ਦੇ ਤਕਰੀਬਨ 150 ਪਰਿਵਾਰਾਂ ਨੇ ਸ਼ਿਰਕਤ ਕੀਤੀ, ਜਿਸ ਦੌਰਾਨ ਇਹਨਾਂ ਚਾਰ ਜੀਵਤ ਸੈਨਿਕਾਂ ਦੇ ਨਾਲ ਮ੍ਰਿਤਕ ਸੈਨਿਕਾਂ ਦੀਆਂ ਵਿਧਵਾਵਾਂ ਜਾਂ ਹੋਰ ਚੀਨੀ ਅਮਰੀਕੀ ਸੈਨਿਕਾਂ ਦੇ ਬਚੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਕੋਵਿਡ ਦੇ 'ਡੈਲਟਾ' ਵੈਰੀਐਂਟ ਨਾਲ ਟਾਂਜ੍ਰਿਟ ਆਪਰੇਟਰ ਅਤੀਫ ਖ਼ਲੀਲ ਦੀ ਮੌਤ

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸਾਲ 2018 ਵਿੱਚ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਗਏ ਸਨ, ਜਿਸ ਵਿੱਚ ਚੀਨੀ ਅਮਰੀਕੀ ਵਿਸ਼ਵ ਯੁੱਧ 2 ਦੇ ਸੈਨਿਕਾਂ ਨੂੰ ਸਨਮਾਨ ਦਿੱਤਾ ਗਿਆ। ਇਸ ਵੈਟਰਨ ਕਾਂਗਰਸੀਅਨ ਗੋਲਡ ਮੈਡਲ ਐਕਟ ਨੇ ਦੂਜੇ ਵਿਸ਼ਵ ਯੁੱਧ ਵਿੱਚ ਸੇਵਾ ਨਿਭਾਉਣ ਵਾਲੇ ਤਕਰੀਬਨ 20,000 ਚੀਨੀ ਅਮਰੀਕੀਆਂ ਨੂੰ ਮੈਡਲ ਦਿੱਤੇ ਹਨ।ਇਹਨਾਂ ਸੈਨਿਕਾਂ ਨੇ ਅਮਰੀਕੀ ਫੌਜਾਂ ਵਿੱਚ ਸੇਵਾਵਾਂ ਦੇਣ ਨੂੰ ਆਪਣੇ ਆਪ ਲਈ ਸਨਮਾਨ ਜਨਕ ਦੱਸਿਆ ਹੈ।

ਨੋਟ-ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਦੇਣ ਵਾਲੇ ਸਾਬਕਾ ਚੀਨੀ ਅਮਰੀਕੀ ਸੈਨਿਕ ਸਨਮਾਨਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana