ਟਰੰਪ ਦੀਆਂ ਨੀਤੀਆਂ ਤੋਂ ਕਾਰੋਬਾਰੀ ਤੇ ਖਪਤਕਾਰ ਪਰੇਸ਼ਾਨ, ਵਪਾਰਕ ਸਰਗਰਮੀ ਸੂਚਕ ਅੰਕ ਤੇਜ਼ੀ ਨਾਲ ਡਿੱਗਿਆ
Monday, Feb 24, 2025 - 11:36 AM (IST)

ਜਲੰਧਰ (ਇੰਟ.) : ਦਰਾਮਦ ’ਤੇ ਡਿਊਟੀਆਂ ਅਤੇ ਸੰਘੀ ਸਰਕਾਰ ਦੇ ਖਰਚਿਆਂ ’ਚ ਭਾਰੀ ਕਟੌਤੀਆਂ ਨੂੰ ਲੈ ਕੇ ਵਧ ਰਹੇ ਡਰ ਵਿਚਕਾਰ ਫਰਵਰੀ ’ਚ ਅਮਰੀਕਾ ’ਚ ਵਪਾਰਕ ਸਰਗਰਮੀਆਂ ਲੱਗਭਗ ਠੱਪ ਹੋ ਗਈਆਂ ਹਨ।
ਇਹ ਵੀ ਪੜ੍ਹੋ : ਹੁਣ ਮੁਲਾਜ਼ਮਾਂ ਨੂੰ ਮਿਲੇਗਾ ਇਹ ਖ਼ਾਸ ਐਵਾਰਡ, 1.38 ਲੋਕਾਂ ਨੂੰ ਮਿਲ ਚੁੱਕੈ ਇਹ ਪੁਰਸਕਾਰ
ਇਕ ਰਿਪੋਰਟ ਅਨੁਸਾਰ ਅਮਰੀਕਾ ’ਚ ਹਾਲਾਤ ਅਜਿਹੇ ਹੋ ਗਏ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣ ਜਿੱਤ ਤੋਂ ਬਾਅਦ ਮਿਲੀ ਪ੍ਰਸਿੱਧੀ ਘਟਣੀ ਸ਼ੁਰੂ ਹੋ ਗਈ ਹੈ। ਹਾਲ ਹੀ ਵਿਚ ਜਾਰੀ ਕੀਤੀ ਗਈ ਐੱਸ. ਐਂਡ ਪੀ. ਗਲੋਬਲ ਦੀ ਰਿਪੋਰਟ ਅਨੁਸਾਰ ਫਰਵਰੀ ’ਚ ਕਾਰੋਬਾਰੀ ਸਰਗਰਮੀ ਸੂਚਕ ਅੰਕ 17 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਿਆ, ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਕਾਰੋਬਾਰੀ ਅਤੇ ਖਪਤਕਾਰ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਤੋਂ ਤੇਜ਼ੀ ਨਾਲ ਨਾਰਾਜ਼ ਹੋ ਰਹੇ ਹਨ।
ਲੋਕਾਂ ਨੂੰ ਟਰੰਪ ਸਰਕਾਰ ਤੋਂ ਸਨ ਬਹੁਤ ਉਮੀਦਾਂ
ਪਿਛਲੇ ਸਾਲ 5 ਨਵੰਬਰ ਨੂੰ ਰਿਪਬਲਿਕਨ ਪਾਰਟੀ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਦੇਸ਼ ’ਚ ਟੈਕਸ ਅਤੇ ਮਹਿੰਗਾਈ ਘੱਟ ਜਾਵੇਗੀ। ਟਰੰਪ ਪ੍ਰਸ਼ਾਸਨ ’ਚ ਕਾਰੋਬਾਰੀਆਂ ਅਤੇ ਖਪਤਕਾਰਾਂ ਨੂੰ ਰਾਹਤ ਦੀ ਪੂਰੀ ਉਮੀਦ ਸੀ। ਹਾਲਾਂਕਿ ਐੱਸ. ਐੱਡ ਪੀ. ਗਲੋਬਲ ਸੰਗਠਨ ਦੇ ਫਲੈਸ਼ ਯੂ. ਐੱਸ. ਕੰਪੋਜਿਟ ਪੀ. ਐੱਮ. ਆਈ. ਆਉਟਪੁਟ ਸੂਚਕ ਅੰਕ ਅਨੁਸਾਰ ਇਸ ਮਹੀਨੇ ਦੇਸ਼ ਦੇ ਵਿਨਿਰਮਾਣ ਅਤੇ ਸੇਵਾ ਖੇਤਰ ਦੀ ਰੀਡਿੰਗ 50.4 ਅੰਕਾਂ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਸਭ ਤੋਂ ਵੱਧ ਮਹਿੰਗਾ ਹੋਇਆ ਟਮਾਟਰ, ਦਾਲ ਅਤੇ ਮੋਟੇ ਅਨਾਜ ਦੀਆਂ ਕੀਮਤਾਂ ਨੇ ਕੱਢੇ ਆਮ ਲੋਕਾਂ ਦੇ ਵੱਟ
ਇਹ ਸਤੰਬਰ 2023 ਤੋਂ ਬਾਅਦ ਸਭ ਤੋਂ ਘੱਟ ਰੀਡਿੰਗ ਸੀ ਅਤੇ ਜਨਵਰੀ ’ਚ 52.7 ਤੋਂ ਘੱਟ ਸੀ। 50 ਅੰਕਾਂ ਤੋਂ ਉੱਪਰ ਦੀ ਰੀਡਿੰਗ ਨਿੱਜੀ ਖੇਤਰ ’ਚ ਵਿਸਥਾਰ ਨੂੰ ਦਰਸਾਉਂਦੀ ਹੈ। ਦੱਸ ਦੇਈਏ ਕਿ ਫਲੈਸ਼ ਯੂ. ਐੱਸ. ਕੰਪੋਜਿਟ ਪੀ. ਐੱਮ. ਆਈ. ਆਉਟਪੁਟ ਸੂਚਕ ਅੰਕ ਅਮਰੀਕਾ ’ਚ ਹੋਣ ਵਾਲੇ ਵਿਨਿਰਮਾਣ ਅਤੇ ਸੇਵਾ ਖੇਤਰ ਦੀਆਂ ਸਰਗਰਮੀਆਂ ਦਾ ਮੁਲਾਂਕਣ ਕਰਦਾ ਹੈ
ਟੈਰਿਫ ਨੀਤੀ ਤੇ ਕਰਮਚਾਰੀਆਂ ਦੀ ਛਾਂਟੀ
ਐੱਸ. ਐਂਡ ਪੀ. ਗਲੋਬਲ ਸਰਵੇਖਣ 10-20 ਫਰਵਰੀ ਵਿਚਕਾਰ ਕੀਤਾ ਗਿਆ ਸੀ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਮਹੀਨੇ ਹੀ ਖੰਡ ਦਰਾਮਦਾਂ ’ਤੇ 10% ਵਾਧੂ ਟੈਰਿਫ ਲਗਾਇਆ। ਮੈਕਸੀਕੋ ਅਤੇ ਕੈਨੇਡਾ ਤੋਂ ਦਰਾਮਦ ’ਤੇ 25% ਡਿਊਟੀ ਮਾਰਚ ਤੱਕ ਮੁਅੱਤਲ ਕਰ ਦਿੱਤੀ ਗਈ ਸੀ।
ਟਰੰਪ ਨੇ ਇਸ ਮਹੀਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਟੈਰਿਫ ਵਧਾ ਕੇ 25% ਕਰ ਦਿੱਤਾ। ਹਾਲ ਹੀ ’ਚ ਉਨ੍ਹਾਂ ਕਿਹਾ ਹੈ ਕਿ ਉਹ ਆਟੋ ਟੈਰਿਫ ਨੂੰ ਲਗਭਗ 25% ਤੱਕ ਵਧਾਉਣ ਅਤੇ ਸੈਮੀਕੰਡਕਟਰ ਅਤੇ ਫਾਰਮਾਸਿਊਟੀਕਲ ਦਰਾਮਦ ’ਤੇ ਵੀ ਇਸੇ ਤਰ੍ਹਾਂ ਦੀਆਂ ਡਿਊਟੀਆਂ ਲਗਾਉਣ ਦਾ ਇਰਾਦਾ ਰੱਖਦੇ ਹਨ। ਇਸ ਤੋਂ ਇਲਾਵਾ ਸੰਘੀ ਸਰਕਾਰ ਦੇ ਖਰਚਿਆਂ ’ਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਕਰਮਚਾਰੀਆਂ, ਵਿਗਿਆਨੀਆਂ ਤੋਂ ਲੈ ਕੇ ਪਾਰਕ ਰੇਂਜਰਾਂ ਤੱਕ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਘਰ ਬਣਾਉਣ ਵਾਲਿਆਂ ਦੇ ਕਾਰੋਬਾਰ ’ਤੇ ਵੀ ਅਸਰ
ਫਰਵਰੀ ’ਚ ਘਰ ਬਣਾਉਣ ਵਾਲਿਆਂ ਦੇ ਕਾਰੋਬਾਰ ’ਤੇ ਵੀ ਅਸਰ ਪਿਆ ਹੈ, ਜੋ ਕਿ 5 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਸ ਦੇ ਪਿੱਛੇ ਟੈਰਿਫ ਰਿਵਰਸਲ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਮਿਸ਼ੀਗਨ ਯੂਨੀਵਰਸਿਟੀ ਦੇ ਇਕ ਸਰਵੇਖਣ ਨੇ ਦਿਖਾਇਆ ਕਿ ਫਰਵਰੀ ਵਿਚ ਖਪਤਕਾਰ ਭਾਵਨਾ ਸੂਚਕ ਅੰਕ 15 ਮਹੀਨਿਆਂ ਦੇ ਹੇਠਲੇ ਪੱਧਰ 64.7 ਅੰਕਾਂ ’ਤੇ ਡਿੱਗ ਗਿਆ, ਜੋ ਜਨਵਰੀ ਵਿਚ 71.7 ’ਤੇ ਸੀ। ਇਹ 67.8 ਦੀ ਸ਼ੁਰੂਆਤੀ ਰੀਡਿੰਗ ਤੋਂ ਘੱਟ ਸੀ।
ਨੈਸ਼ਨਲ ਐਸੋਸੀਏਸ਼ਨ ਆਫ਼ ਰੀਅਲਟਰਜ਼ ਨੇ ਇਕ ਤੀਜੀ ਰਿਪੋਰਟ ’ਚ ਕਿਹਾ ਕਿ ਪਹਿਲਾਂ ਮਾਲਕੀ ਵਾਲੇ ਘਰਾਂ ਦੀ ਵਿਕਰੀ ਜਨਵਰੀ ਵਿਚ 4.9% ਤੋਂ ਘੱਟ ਕੇ 4.08 ਮਿਲੀਅਨ ਯੂਨਿਟ ਦੀ ਮੌਸਮੀ ਤੌਰ ’ਤੇ ਐਡਜਸਟ ਕੀਤੀ ਗਈ ਸਾਲਾਨਾ ਦਰ ’ਤੇ ਆ ਗਈ, ਜੋ ਕਿ ਉੱਚ ਸੁਰੱਖਿਆ ਦਰਾਂ ਅਤੇ ਘਰਾਂ ਦੀਆਂ ਕੀਮਤਾਂ ਕਾਰਨ ਹੈ। ਇਹ ਵੀ ਚਿੰਤਾਵਾਂ ਹਨ ਕਿ ਟੈਰਿਫ ਲੱਕੜ ਅਤੇ ਉਪਕਰਣਾਂ ਸਮੇਤ ਇਮਾਰਤੀ ਸਮੱਗਰੀ ਦੀ ਕੀਮਤ ਵਧਾ ਦੇਣਗੇ, ਜਿਸ ਨਾਲ ਬਿਲਡਰਾਂ ਲਈ ਰਾਸ਼ਟਰੀ ਰਿਹਾਇਸ਼ ਦੀ ਘਾਟ ਨੂੰ ਪੂਰਾ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਇਹ ਵੀ ਪੜ੍ਹੋ : 48 ਘੰਟਿਆਂ ਅੰਦਰ ਪਿਛਲੇ ਹਫ਼ਤੇ ਕੀਤੇ ਗਏ ਕੰਮ ਦਾ ਹਿਸਾਬ-ਕਿਤਾਬ ਦਿਓ, ਨਹੀਂ ਤਾਂ...
ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਖਪਤਕਾਰ
ਖਪਤਕਾਰਾਂ ਦੀਆਂ ਮਹਿੰਗਾਈ ਘੱਟ ਕਰਨ ਦੀਆਂ ਉਮੀਦਾਂ ਵੀ ਉਦੋਂ ਧੁੰਦਲੀਆਂ ਪੈ ਗਈਆਂ ਜਦੋਂ ਇਹ ਜਨਵਰੀ ਵਿਚ 3.3% ਤੋਂ ਵੱਧ ਕੇ 4.3% ਹੋ ਗਈ, ਜੋ ਕਿ ਨਵੰਬਰ 2023 ਤੋਂ ਬਾਅਦ ਸਭ ਤੋਂ ਵੱਧ ਰੀਡਿੰਗ ਹੈ। ਇਸ ਤੋਂ ਇਲਾਵਾ ਜਨਵਰੀ ਵਿਚ ਵੀ ਫੈੱਡਰਲ ਰਿਜ਼ਰਵ ਨੇ ਸਤੰਬਰ ਤੋਂ ਵਿਆਜ ਦਰਾਂ ’ਚ 100 ਆਧਾਰ ਅੰਕਾਂ ਦੀ ਕਟੌਤੀ ਕਰਦੇ ਹੋਏ ਆਪਣੇ ਨੀਤੀ ਸਹਿਜ ਚੱਕਰ ਨੂੰ ਰੋਕ ਦਿੱਤਾ।
ਅਮਰੀਕੀ ਕੇਂਦਰੀ ਬੈਂਕ ਦੀ 28-29 ਜਨਵਰੀ ਦੀ ਮੀਟਿੰਗ ਦੇ ਮਿੰਟਾਂ ਤੋਂ ਪਤਾ ਚੱਲਿਆ ਕਿ ਟਰੰਪ ਦੇ ਸ਼ੁਰੂਆਤੀ ਨੀਤੀਗਤ ਪ੍ਰਸਤਾਵਾਂ ਨੇ ਫੈੱਡ ’ਤੇ ਉੱਚ ਮਹਿੰਗਾਈ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਸਟੈਂਡਰ ਯੂ. ਐੱਸ. ਕੈਪੀਟਲ ਮਾਰਕੀਟਸ ਦੇ ਮੁੱਖ ਅਮਰੀਕੀ ਅਰਥਸ਼ਾਸਤਰੀ ਸਟੀਫਨ ਸਟੈਨਲੀ ਦਾ ਕਹਿਣਾ ਹੈ ਕਿ ਸਵਾਲ ਇਹ ਹੈ ਕਿ ਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਸ਼ਾਸਨ ਟੈਰਿਫ ਦੇ ਖ਼ਤਰੇ ਕਾਰਨ ਖਪਤਕਾਰਾਂ ਦੇ ਖਰਾਬ ਮੂਡ ਵੱਲ ਧਿਆਨ ਦੇ ਰਹੇ ਹਨ। ਹਾਲਾਂਕਿ ਕਮਜ਼ੋਰ ਹੋ ਰਹੀ ਅਰਥਵਿਵਸਥਾ ਕਾਰਨ ਮੁੜ ਵਧਦੀ ਮਹਿੰਗਾਈ ਵਿੱਤੀ ਬਾਜ਼ਾਰਾਂ ’ਚ ਚਿੰਤਾ ਦਾ ਕਾਰਨ ਹੋ ਸਕਦੀ ਹੈ।
ਕੀ ਕਹਿੰਦੇ ਹਨ ਅਰਥਸ਼ਾਸਤਰੀ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੇ ਮੁੱਖ ਵਪਾਰਕ ਅਰਥਸ਼ਾਸਤਰੀ ਕ੍ਰਿਸ ਵਿਲੀਅਮਸਨ ਨੇ ਕਿਹਾ ਕਿ ਕੰਪਨੀਆਂ ਸੰਘੀ ਸਰਕਾਰ ਦੀਆਂ ਨੀਤੀਆਂ ਦੇ ਪ੍ਰਭਾਵ ਬਾਰੇ ਵਿਆਪਕ ਚਿੰਤਾਵਾਂ ਜ਼ਾਹਰ ਕਰ ਰਹੀਆਂ ਹਨ, ਜਿਸ ’ਚ ਖਰਚਿਆਂ ਵਿਚ ਕਟੌਤੀ ਤੋਂ ਲੈ ਕੇ ਟੈਰਿਫ ਅਤੇ ਭੂ-ਰਾਜਨੀਤਕ ਘਟਨਾਵਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਬਦਲਦੇ ਰਾਜਨੀਤਕ ਦ੍ਰਿਸ਼ ਅਤੇ ਅਨਿਸ਼ਚਿਤਤਾ ਵਿਕਰੀ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਸਪਲਾਇਰਾਂ ਵੱਲੋਂ ਟੈਰਿਫ ਨਾਲ ਸਬੰਧਤ ਕੀਮਤਾਂ ’ਚ ਵਾਧੇ ਵਿਚਕਾਰ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8