ਡੋਨਾਲਡ ਟਰੰਪ ਦੇ ਬੇਟੇ ਨੇ ਪਤਨੀ ਨਾਲ ਕੀਤਾ ਤਾਜ ਮਹੱਲ ਦਾ ਦੀਦਾਰ
Thursday, Nov 20, 2025 - 11:29 PM (IST)
ਆਗਰਾ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਪਤਨੀ ਵੇਨੇਸਾ ਟਰੰਪ ਨਾਲ ਵੀਰਵਾਰ ਨੂੰ ਆਗਰਾ ਪਹੁੰਚ ਕੇ ਵਿਸ਼ਵ ਪ੍ਰਸਿੱਧ ਤਾਜ ਮਹੱਲ ਦਾ ਦੀਦਾਰ ਕੀਤਾ। ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਉਨ੍ਹਾਂ ਨੇ ਲੱਗਭਗ ਇਕ ਘੰਟਾ ਸਮਾਰਕ ਕੰਪਲੈਕਸ ’ਚ ਗੁਜ਼ਾਰਿਆ।
ਅਧਿਕਾਰੀਆਂ ਅਨੁਸਾਰ ਟਰੰਪ ਜੂਨੀਅਰ ਬਾਅਦ ਦੁਪਹਿਰ ਲੱਗਭਗ ਸਾਢੇ 3 ਵਜੇ ਤਾਜ ਮਹੱਲ ਪੁੱਜੇ ਅਤੇ ਡਾਇਨਾ ਬੈਂਚ ਸਮੇਤ ਕਈ ਥਾਵਾਂ ’ਤੇ ਫੋਟੋਆਂ ਖਿਚਵਾਈਆਂ। ਉਨ੍ਹਾਂ ਨੇ ਤਾਜ ਮਹੱਲ ਦੇ ਇਤਿਹਾਸ, ਨਿਰਮਾਣ ਅਤੇ ਵਾਸਤੂਕਲਾ ’ਚ ਡੂੰਘੀ ਰੁਚੀ ਵਿਖਾਉਂਦੇ ਹੋਏ ਗਾਈਡ ਨਿਤਿਨ ਸਿੰਘ ਤੋਂ ਵਿਸਥਾਰਤ ਜਾਣਕਾਰੀ ਲਈ। ਸਿੰਘ ਉਹੀ ਗਾਈਡ ਹਨ, ਜਿਨ੍ਹਾਂ ਨੇ 2020 ’ਚ ਰਾਸ਼ਟਰਪਤੀ ਟਰੰਪ ਦੀ ਯਾਤਰਾ ਦੌਰਾਨ ਤਾਜ ਮਹੱਲ ਦਾ ਦੀਦਾਰ ਕਰਵਾਇਆ ਸੀ।
ਉਨ੍ਹਾਂ ਦੇ ਦੌਰੇ ਲਈ ਸਥਾਨਕ ਪੁਲਸ, ਅਮਰੀਕੀ ਸੁਰੱਖਿਆ ਕਰਮਚਾਰੀਆਂ ਅਤੇ ਸੀ. ਆਈ. ਐੱਸ. ਐੱਫ. ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ। ਸਮਾਰਕ ਦੇ ਅੰਦਰ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਸੀ. ਆਈ. ਐੱਸ. ਐੱਫ. ਨੇ ਦਾਖਲੇ ਦੇ ਨਾਲ ਹੀ ਅੰਦਰੂਨੀ ਸੁਰੱਖਿਆ ਆਪਣੇ ਹੱਥ ’ਚ ਲੈ ਲਈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕੰਪਲੈਕਸ ’ਚ ਵਿਸ਼ੇਸ਼ ਸਫਾਈ ਮੁਹਿੰਮ ਵੀ ਚਲਾਈ ਗਈ ਸੀ। ਟਰੰਪ ਜੂਨੀਅਰ ਉਦੇਪੁਰ ’ਚ ਇਕ ਹਾਈ-ਪ੍ਰੋਫਾਈਲ ਡੈਸਟੀਨੇਸ਼ਨ ਵੈਡਿੰਗ ’ਚ ਵੀ ਸ਼ਾਮਲ ਹੋ ਸਕਦੇ ਹਨ।
