ਟਰੰਪ ਦਾ ਦਾਅਵਾ: ਮੈਂ ਕੰਬੋਡੀਆ ਤੇ ਥਾਈਲੈਂਡ ਵਿਚਕਾਰ ਜੰਗਬੰਦੀ ਨੂੰ ਬਰਕਰਾਰ ਰੱਖਣ ''ਚ ਸਫਲ ਰਿਹਾ
Saturday, Nov 15, 2025 - 03:27 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਅਮਰੀਕਾ ਦੁਆਰਾ ਵਿਚੋਲਗੀ ਕੀਤੇ ਜੰਗਬੰਦੀ ਸਮਝੌਤੇ ਨੂੰ ਬਣਾਈ ਰੱਖਣ ਵਿੱਚ ਸਫਲ ਰਹੇ ਜੋ ਟੁੱਟਣ ਦੀ ਕਗਾਰ 'ਤੇ ਸੀ। ਟਰੰਪ ਨੇ ਹਫਤੇ ਦੇ ਅੰਤ ਵਿੱਚ ਫਲੋਰੀਡਾ ਵਿੱਚ ਆਪਣੀ ਮਾਰ-ਏ-ਲਾਗੋ ਅਸਟੇਟ ਲਈ ਉਡਾਣ ਭਰਦੇ ਸਮੇਂ ਏਅਰ ਫੋਰਸ ਵਨ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਜਹਾਜ਼) ਵਿਚ ਪੱਤਰਕਾਰਾਂ ਨੂੰ ਕਿਹਾ, "ਮੈਂ ਅੱਜ ਹੀ ਇੱਕ ਜੰਗ ਰੋਕੀ ਹੈ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਹ ਕਦਮ ਦੁਨੀਆ ਭਰ ਦੇ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਉਣ ਦੀ ਉਨ੍ਹਾਂ ਦੀ ਇੱਛਾ ਨਾਲ ਸੰਭਵ ਹੋਏ ਹਨ। ਟਰੰਪ ਦਾ ਤਰਕ ਹੈ ਕਿ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਉਨ੍ਹਾਂ ਦੀ ਰਣਨੀਤੀ ਅਮਰੀਕਾ ਨੂੰ ਮਹੱਤਵਪੂਰਨ ਵਪਾਰ ਅਤੇ ਕੂਟਨੀਤਕ ਲਾਭ ਦਿੰਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਕੰਬੋਡੀਆ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ, ਜੋ ਹੁਣ "ਬਹੁਤ ਵਧੀਆ ਕਰ ਰਹੇ ਹਨ।"
ਇਨ੍ਹਾਂ 2 ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਵਿਚਕਾਰ ਸਰਹੱਦ ਨੂੰ ਲੈ ਇੱਕ ਖੇਤਰੀ ਵਿਵਾਦ ਕਾਰਨ ਜੁਲਾਈ ਦੇ ਅਖੀਰ ਵਿੱਚ 5 ਦਿਨਾਂ ਤੱਕ ਹਥਿਆਰਬੰਦ ਟਕਰਾਅ ਹੋਇਆ ਸੀ, ਜਿਸ ਵਿੱਚ ਕਈ ਸੈਨਿਕ ਅਤੇ ਨਾਗਰਿਕ ਮਾਰੇ ਗਏ ਸਨ। ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਦੋਵਾਂ ਦੇਸ਼ਾਂ ਨੇ ਲੜਾਈ ਬੰਦ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਵਪਾਰ ਸਬੰਧੀ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ, ਜਿਸ ਨਾਲ ਸੰਘਰਸ਼ ਨੂੰ ਅਸਥਾਈ ਤੌਰ 'ਤੇ ਰੋਕਣ ਵਿੱਚ ਮਦਦ ਮਿਲੀ। ਹਾਲਾਂਕਿ, ਇਸ ਹਫ਼ਤੇ ਜੰਗਬੰਦੀ ਟੁੱਟਣ ਦੇ ਕੰਢੇ 'ਤੇ ਪਹੁੰਚ ਗਈ ਸੀ ਜਦੋਂ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਕਿਹਾ ਕਿ ਥਾਈਲੈਂਡ ਨਾਲ ਲੱਗਦੀ ਉਨ੍ਹਾਂ ਦੇ ਦੇਸ਼ ਦੀ ਸਰਹੱਦ 'ਤੇ ਗੋਲੀਬਾਰੀ ਵਿੱਚ ਇੱਕ ਪਿੰਡ ਵਾਸੀ ਮਾਰਿਆ ਗਿਆ ਹੈ।
