ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਨੇ ਖਾਲਸਾ ਕਾਲਜ ’ਚ ਕੀਤੇ ਵਿਚਾਰ ਸਾਂਝੇ

03/27/2019 8:09:03 AM

ਅੰਮ੍ਰਿਤਸਰ/ਬ੍ਰਿਟਿਸ਼ ਕੋਲੰਬੀਆ, (ਮਮਕਾ/ਕਮਲ)- ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਨੇ ਬੀਤੇ ਦਿਨ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ ਫੈਕਲਟੀ ਤੇ ਮੈਨੇਜਮੈਂਟ ਨਾਲ ਆਪਣੀ ਖ਼ਾਸ ਮੁਲਾਕਾਤ ਦੌਰਾਨ ਕਿਹਾ ਕਿ ਨੌਜਵਾਨਾਂ ’ਚ ਕੈਨੇਡਾ ਵੱਲ ਦੌੜ ਨੇ ਪੰਜਾਬ ਦੇ ਹਾਲਾਤ ਨੂੰ ਨਾਜ਼ੁਕ ਸਥਿਤੀ ਵੱਲ ਮੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਇਸ ਹੋੜ ਨਾਲ ‘ਕਾਬਲੀਅਤ ਦਾ ਪਲਾਇਨ’ ਹੋ ਰਿਹਾ ਹੈ, ਉਥੇ ਇਸ ਦੇ ਲੰਮੇ ਸਮੇਂ ਤੱਕ ਉਜਾਗਰ ਰਹਿਣ ਵਾਲੇ ਸਮਾਜਿਕ, ਆਰਥਿਕ ਤੇ ਸੱਭਿਅਚਾਰਕ ਡੂੰਘੇ ਪ੍ਰਭਾਵ ਪੈ ਰਹੇ ਹਨ। ਦੋਸਾਂਝ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ 33ਵੇਂ ਪ੍ਰੀਮੀਅਰ ਰਹੇ ਅਤੇ ਕੈਨੇਡਾ ’ਚ ਪੰਜਾਬੀਆਂ ਦੇ ਮੰਨੇ-ਪ੍ਰਮੰਨੇ ਚਿਹਰੇ ਹਨ, ਨੇ ਕਿਹਾ ਕਿ ਵੱਡੇ ਸੁਪਨੇ ਲੈਣਾ ਕੋਈ ਬੁਰੀ ਗੱਲ ਨਹੀਂ ਤੇ ਪੂਰੀ ਦੁਨੀਆ ਤੁਹਾਡੇ ਲਈ ਖੁੱਲ੍ਹੀ ਹੈ ਪਰ ਇਸ ਤਰ੍ਹਾਂ ਇੰਨੇ ਵੱਡੇ ਪੱਧਰ ’ਤੇ ਕਿਸੇ ਖਿੱਤੇ ’ਚੋਂ ਨੌਜਵਾਨ ਵਰਗ ਦਾ ਪਲਾਇਨ ਹੋਣ ਨਾਲ ਹਾਲਾਤ ਗੰਭੀਰ ਬਣ ਸਕਦੇ ਹਨ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਸ੍ਰੀ ਦੋਸਾਂਝ ਦਾ ਕਾਲਜ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਸ. ਛੀਨਾ ਨੇ ਕਿਹਾ ਕਿ ਸਾਨੂੰ ਦੋਸਾਂਝ ਵਰਗੇ ਮਹਾਨ ਪੰਜਾਬੀਆਂ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ, ’ਤੇ ਮਾਣ ਹੈ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਪ੍ਰਿੰ. ਡਾ. ਜਸਪਾਲ ਸਿੰਘ, ਪ੍ਰਿੰ. ਡਾ. ਹਰਪ੍ਰੀਤ ਕੌਰ, ਪ੍ਰਿੰ. ਡਾ. ਮਨਪ੍ਰੀਤ ਕੌਰ, ਪ੍ਰਿੰ. ਡਾ. ਐੱਚ. ਬੀ. ਸਿੰਘ, ਪ੍ਰਿੰ. ਡਾ. ਕੰਵਲਜੀਤ ਸਿੰਘ, ਪ੍ਰਿੰ. ਏ. ਐੱਸ. ਗਿੱਲ, ਪ੍ਰਿੰ. ਡਾ. ਕਮਲਜੀਤ ਕੌਰ, ਡਾ. ਦਲਜੀਤ ਸਿੰਘ, ਡਾ. ਨਵਨੀਤ ਬਾਵਾ, ਡਾ. ਨੀਲਮ ਹੰਸ, ਅੰਡਰ-ਸੈਕਟਰੀ ਡੀ. ਐੱਸ. ਰਟੌਲ ਆਦਿ ਮੌਜੂਦ ਸਨ।
 


Related News