70 ਸਾਲਾ ਸ਼ਖਸ ਨੇ ਬਣਾਇਆ ਵਿਆਹ ਕਰਾਉਣ ਦਾ ਰਿਕਾਰਡ, ਹੁਣ 9ਵੀਂ ਵਾਰ ਰਚਾਏਗਾ ਵਿਆਹ
Monday, Sep 03, 2018 - 04:14 PM (IST)

ਲੰਡਨ (ਬਿਊਰੋ)— ਬ੍ਰਿਟੇਨ ਦੇ ਰਹਿਣ ਵਾਲੇ ਸ਼ਖਸ ਨੇ ਸਭ ਤੋਂ ਜ਼ਿਆਦਾ ਵਾਰ ਵਿਆਹ ਕਰਾਉਣ ਦਾ ਰਿਕਾਰਡ ਬਣਾਇਆ ਹੈ। ਹੁਣ ਇਸ ਸ਼ਖਸ ਨੂੰ ਇਕ ਵਾਰ ਫਿਰ ਸੱਚਾ ਪਿਆਰ ਮਿਲ ਗਿਆ ਹੈ। ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਮੁਤਾਬਕ 70 ਸਾਲਾ ਰੌਨ ਸ਼ੈਪਰਡ ਇਕ ਵਾਰ ਫਿਰ ਵਿਆਹ ਕਰਨ ਜਾ ਰਹੇ ਹਨ। ਇਹ ਉਨ੍ਹਾਂ ਦਾ 9ਵਾਂ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਰੌਨ 8 ਵਿਆਹ ਕਰ ਚੁੱਕੇ ਹਨ ਅਤੇ 10 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਆਪਣੀ ਮੰਗੇਤਰ ਨਾਲ ਬ੍ਰੇਕਅੱਪ ਹੋਇਆ ਸੀ।
ਰੌਨ ਦੇ ਪਹਿਲੇ 8 ਵਿਆਹਾਂ ਦਾ ਵੇਰਵਾ
ਜਾਣਕਾਰੀ ਮੁਤਾਬਕ ਰੌਨ ਨੇ ਪਹਿਲਾ ਵਿਆਹ 19 ਸਾਲ ਦੀ ਉਮਰ ਵਿਚ ਕੀਤਾ ਸੀ। ਇਸ ਮਗਰੋਂ ਹੁਣ ਤੱਕ ਉਹ 8 ਵਿਆਹ ਕਰ ਚੁੱਕੇ ਹਨ। ਰੌਨ ਦਾ ਸਭ ਤੋਂ ਲੰਬਾ ਰਿਸ਼ਤਾ 11 ਸਾਲ ਦਾ ਰਿਹਾ ਅਤੇ ਸਭ ਤੋਂ ਛੋਟਾ ਰਿਸ਼ਤਾ 10 ਮਹੀਨੇ ਦਾ ਰਿਹਾ।
- ਰੌਨ ਦਾ ਪਹਿਲਾ ਵਿਆਹ ਸਾਲ 1966 ਵਿਚ ਮਾਰਗ੍ਰੇਟ ਨਾਲ ਹੋਇਆ। ਇਸ ਵਿਆਹ ਨਾਲ ਉਸ ਦੇ 3 ਬੱਚੇ ਹੋਏ। 2 ਸਾਲ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ।
- ਰੌਨ ਦਾ ਦੂਜਾ ਵਿਆਹ ਸਾਲ 1973 ਵਿਚ ਜੀਨੇਟੀ ਨਾਲ ਹੋਇਆ। ਇਕ ਸਾਲ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ।
- ਸਾਲ 1976 ਵਿਚ ਰੌਨ ਦਾ ਤੀਜਾ ਵਿਆਹ ਲੀਜ਼ਲੇ ਨਾਲ ਹੋਇਆ। ਪੰਜ ਸਾਲ ਇਕੱਠੇ ਰਹਿਣ ਮਗਰੋਂ ਦੋਵੇਂ ਵੱਖ ਹੋ ਗਏ। ਇਸ ਵਿਆਹ ਵਿਚ ਉਨ੍ਹਾਂ ਦੇ ਦੋ ਬੇਟੇ ਹੋਏ।
- ਸਾਲ 1982 ਵਿਚ ਕੈਥੇ ਨਾਲ ਰੌਨ ਦਾ ਚੌਥਾ ਵਿਆਹ ਹੋਇਆ। ਚਾਰ ਸਾਲ ਬਾਅਦ ਦੋਵੇਂ ਵੱਖ ਹੋ ਗਏ। ਇਸ ਵਿਆਹ ਵਿਚ ਦੋਹਾਂ ਘਰ ਇਕ ਬੇਟੀ ਹੋਈ ਸੀ।
- ਸਿਊ ਨਾਲ ਰੌਨ ਦਾ ਵਿਆਹ ਸਾਲ 1986 ਵਿਚ ਹੋਇਆ। ਉਨ੍ਹਾਂ ਘਰ ਦੋ ਬੇਟਿਆਂ ਦਾ ਜਨਮ ਹੋਇਆ ਪਰ ਸਾਲ 1997 ਵਿਚ ਦੋਵੇਂ ਵੱਖ ਹੋ ਗਏ।
- ਊਸ਼ਾ ਨਾਂ ਦੀ ਲੜਕੀ ਨਾਲ ਸਾਲ 1999 ਵਿਚ ਰੌਨ ਦਾ ਛੇਵਾਂ ਵਿਆਹ ਹੋਇਆ। ਵਿਆਹ ਦੇ ਚਾਰ ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ।
- ਸਾਲ 2003 ਵਿਚ ਵਾਨ ਨਾਮ ਦੀ ਲੜਕੀ ਨਾਲ ਰੌਨ ਦੀ ਮੁਲਾਕਾਤ ਬੈਂਕਾਕ ਵਿਚ ਹੋਈ। ਦੋਹਾਂ ਨੇ ਵਿਆਹ ਕਰ ਲਿਆ। 8 ਮਹੀਨਿਆਂ ਬਾਅਦ ਦੋਵੇਂ ਵੱਖ ਹੋ ਗਏ।
- ਸਾਲ 2004 ਵਿਚ ਫਿਲੀਪੀਂਸ ਦੀ ਵੇਂਗ ਨਾਲ ਰੌਨ ਦਾ ਅੱਠਵਾਂ ਵਿਆਹ ਹੋਇਆ। ਦੋਵੇਂ ਇਕ ਆਨਲਾਈਨ ਸਾਈਟ 'ਤੇ ਮਿਲੇ ਸਨ। 11 ਸਾਲ ਇਕੱਠੇ ਰਹਿਣ ਮਗਰੋਂ ਉਹ ਸਾਲ 2015 ਵਿਚ ਵੱਖ ਹੋ ਗਏ।
ਆਖਿਰਕਾਰ ਮਿਲ ਗਿਆ ਸੱਚਾ ਪਿਆਰ
ਰੌਨ ਨੇ ਬੀਤੇ ਸਾਲ ਵੀ ਮੰਗਣੀ ਕੀਤੀ ਸੀ ਪਰ ਉਹ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਸਕਿਆ ਸੀ। ਰੌਨ ਨੇ ਆਪਣੀ ਐਕਸ ਮੰਗੇਤਰ ਨੂੰ ਝਗੜਾਲੂ ਅਤੇ ਬੁਰੇ ਸੁਭਾਅ ਵਾਲੀ ਮਹਿਲਾ ਕਿਹਾ ਸੀ, ਜਿਸ ਮਗਰੋਂ ਉਹ ਦੋਵੇਂ ਵੱਖ ਹੋ ਗਏ ਸਨ। ਭਾਵੇਂਕਿ ਹੁਣ ਨਵੇਂ ਰਿਸ਼ਤੇ ਨੂੰ ਲੈ ਕੇ ਰੌਨ ਬਹੁਤ ਉਤਸ਼ਾਹਿਤ ਹਨ। ਇਸ ਵਾਰ ਰੌਨ ਨੂੰ ਆਪਣੇ ਤੋਂ 38 ਸਾਲ ਛੋਟੀ ਨੀਨਾ ਨਾਲ ਪਿਆਰ ਹੋਇਆ ਹੈ ਜੋ 32 ਸਾਲ ਦੀ ਹੈ ਅਤੇ ਇਕ ਬੱਚੇ ਦੀ ਮਾਂ ਹੈ। ਰੌਨ ਨੇ ਦੱਸਿਆ ਕਿ ਆਪਣੀ 8ਵੀਂ ਪਤਨੀ ਦੇ ਇਕ ਦੋਸਤ ਜ਼ਰੀਏ ਉਸ ਦੀ ਨੀਨਾ ਨਾਲ ਮੁਲਾਕਾਤ ਹੋਈ ਸੀ। ਨੀਨਾ ਵਿਧਵਾ ਹੈ ਅਤੇ ਫਿਲਹਾਲ ਦੋਹਾ ਵਿਚ ਰਹਿੰਦੀ ਹੈ। ਅਗਲੇ ਮਹੀਨੇ ਉਹ ਉਸ ਨੂੰ ਵਿਆਹ ਲਈ ਪ੍ਰਪੋਜ਼ ਕਰਨ ਜਾਣਗੇ ਅਤੇ ਨੀਨਾ ਨੇ ਵੀ ਹਾਂ ਕਹਿਣ ਦੇ ਸੰਕੇਤ ਦਿੱਤੇ ਹਨ। ਰੌਨ ਮੁਤਾਬਕ 8 ਵਾਰ ਪਿਆਰ ਦੀ ਤਲਾਸ਼ ਵਿਚ ਭਟਕਣ ਮਗਰੋਂ ਆਖਿਰਕਾਰ ਉਸ ਨੂੰ ਸੱਚਾ ਪਿਆਰ ਮਿਲ ਗਿਆ ਹੈ। ਉਸ ਨੂੰ ਲੱਗਦਾ ਹੈ ਕਿ ਇਸ ਵਾਰ ਇਹ ਰਿਸ਼ਤਾ ਹਮੇਸ਼ਾ ਲਈ ਰਹੇਗਾ।