68 ਮਿੰਟ ਤੱਕ ਬੰਦ ਰਹੀ ਦਿਲ ਦੀ ਧੜਕਣ, ਪਤਨੀ ਨੇ ਇੰਝ ਬਚਾਈ ਜਾਨ

Sunday, Oct 21, 2018 - 05:25 PM (IST)

68 ਮਿੰਟ ਤੱਕ ਬੰਦ ਰਹੀ ਦਿਲ ਦੀ ਧੜਕਣ, ਪਤਨੀ ਨੇ ਇੰਝ ਬਚਾਈ ਜਾਨ

ਲੰਡਨ (ਬਿਊਰੋ)— ਮੁਸੀਬਤ ਸਮੇਂ ਸਮਝਦਾਰੀ ਹੀ ਮਨੁੱਖ ਦਾ ਕੰਮ ਸਵਾਰਦੀ ਹੈ। ਸਮਝਦਾਰੀ ਦੀ ਅਜਿਹੀ ਹੀ ਮਿਸਾਲ ਬ੍ਰਿਟੇਨ ਦੀ ਇਕ 63 ਸਾਲਾ ਔਰਤ ਨੇ ਦਿੱਤੀ। ਉਸ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਮੌਤ ਦੇ ਮੂੰਹ ਵਿਚ ਗਏ ਆਪਣੇ ਪਤੀ ਦੀ ਜਾਨ ਬਚਾ ਲਈ। ਜਾਣਕਾਰੀ ਮੁਤਾਬਕ ਔਰਤ ਦੇ ਪਤੀ ਦੇ ਸਾਹਾਂ ਨੇ ਉਸ ਦਾ ਸਾਥ ਛੱਡ ਦਿੱਤਾ ਸੀ ਪਰ ਉਸ ਦੇ ਸੱਚੇ ਪਿਆਰ ਅਤੇ ਸਮਝਦਾਰੀ ਨੇ ਉਸ ਨੂੰ ਬਚਾ ਲਿਆ।

ਦਿਲ ਦੀ ਧੜਕਣ ਬੰਦ ਹੋ ਕੇ ਵਾਪਸ ਜਿਉਂਦੇ ਹੋਣ ਦੀ ਇਹ ਕਹਾਣੀ 63 ਸਾਲਾ ਕ੍ਰਿਸ ਹਿੱਕੀ ਦੀ ਹੈ। ਗਲਾਸਟਰਸ਼ਾਇਰ ਵਿਚ ਕ੍ਰਿਸ ਦੀ ਪਤਨੀ ਸਿਊ ਸਵੇਰ ਦੀ ਚਾਹ ਬਣਾ ਕੇ ਕ੍ਰਿਸ ਦੇ ਉਠਣ ਦਾ ਇੰਤਜ਼ਾਰ ਕਰ ਰਹੀ ਸੀ। ਕਾਫੀ ਦੇਰ ਤੱਕ ਜਦੋਂ ਕ੍ਰਿਸ ਨਹੀਂ ਉੱਠਿਆ ਤਾਂ ਉਹ ਉਸ ਨੂੰ ਉਠਾਉਣ ਲਈ ਬੈੱਡਰੂਮ ਵਿਚ ਗਈ। ਉੱਥੇ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਈ। ਕ੍ਰਿਸ ਬਿਸਤਰ 'ਤੇ ਆਕੜੇ ਹੋਏ ਲੇਟੇ ਸਨ। ਉਨ੍ਹਾਂ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਹੋ ਰਹੀ ਸੀ। ਉਨ੍ਹਾਂ ਦੀ ਹਾਲਤ ਦੇਖ ਕੇ ਸਿਊ ਪਹਿਲਾਂ ਤਾਂ ਘਬਰਾ ਗਈ ਪਰ ਉਸ ਨੇ ਬਹੁਤ ਸਮਝਦਾਰੀ ਨਾਲ ਕੰਮ ਲਿਆ। ਉਸ ਨੂੰ ਇਸ ਵਿਪਰੀਤ ਸਥਿਤੀ ਵਿਚ ਫੇਸਬੁੱਕ 'ਤੇ ਦੇਖੀ ਗਈ ਇਕ ਪੋਸਟ ਦਾ ਖਿਆਲ ਆਇਆ, ਜਿਸ ਵਿਚ ਇਸ ਗੱਲ ਦਾ ਜ਼ਿਕਰ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਤੁਸੀਂ 999 'ਤੇ ਕਾਲ ਕਰੋ। 

PunjabKesari

ਸਿਊ ਨੇ ਤੁਰੰਤ ਮੋਬਾਈਲ ਤੋਂ 999 'ਤੇ ਕਾਲ ਕੀਤੀ ਅਤੇ ਉਸ ਦੇ ਬਾਅਦ ਕਾਲ 'ਤੇ ਮਿਲ ਰਹੀ ਸਲਾਹ ਮੁਤਾਬਕ ਕੰਮ ਕੀਤਾ। ਆਪਰੇਟਰ ਨੇ ਸਭ ਤੋਂ ਪਹਿਲਾਂ ਮੁੱਖ ਗੇਟ ਨੂੰ ਖੋਲ੍ਹਣ ਦੀ ਸਲਾਹ ਦਿੱਤੀ ਤਾਂ ਜੋ ਮਦਦ ਕਰਨ ਵਾਲੇ ਘਰ ਵਿਚ ਦਾਖਲ ਹੋ ਸਕਣ। ਇਸ ਮਗਰੋਂ ਆਪਰੇਟਰ ਨੇ ਸੀ.ਪੀ.ਆਰ. ਤਕਨੀਕ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਕਿਵੇਂ ਸਭ ਤੋਂ ਪਹਿਲਾਂ ਕ੍ਰਿਸ ਨੂੰ ਫਰਸ਼ 'ਤੇ ਆਰਾਮ ਨਾਲ ਲੰਮੇ ਪਾ ਦਿਓ। ਉਸ ਮਗਰੋਂ ਜਿੰਨਾ ਹੋ ਸਕੇ ਉਨ੍ਹਾਂ ਕ੍ਰਿਸ ਦੀ ਛਾਤੀ 'ਤੇ ਦਬਾਅ ਬਣਾਉਂਦੇ ਰਹੋ। ਸਿਊ ਨੇ ਉਂਝ ਹੀ ਕੀਤਾ। ਸਿਊ ਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਦੇ ਘਰ ਮਦਦ ਲਈ ਪਹੁੰਚਣ ਵਾਲਿਆਂ ਵਿਚ ਸਭ ਤੋਂ ਪਹਿਲਾਂ ਫਾਇਰ ਫਾਈਟਰਜ਼ ਸਨ। ਕਿਉਂਕਿ ਫਾਇਰ ਫਾਈਟਰਜ਼ ਯੂਨਿਟ ਉਸ ਦੇ ਘਰ ਤੋਂ ਸਿਰਫ 500 ਗਜ ਦੀ ਦੂਰੀ 'ਤੇ ਸੀ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਵਿਚ ਸੇਵਾਵਾਂ ਦੇਣ ਲਈ ਸਿਖਲਾਈ ਦਿੱਤੀ ਗਈ ਸੀ। 

ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਕ੍ਰਿਸ ਕੋਈ ਵੀ ਪ੍ਰਤੀਕਿਰਿਆ ਨਹੀਂ ਕਰ ਰਹੇ ਸਨ। ਕੁਝ ਸਮੇਂ ਬਾਅਦ ਮੈਡੀਕਲ ਮਾਹਰਾਂ ਦੀ ਇਕ ਟੀਮ ਵੀ ਪਹੁੰਚ ਗਈ। ਉਨ੍ਹਾਂ ਨੇ ਕ੍ਰਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਏਅਰ ਐਂਬੂਲੈਂਸ ਵੀ ਪਹੁੰਚ ਗਈ ਅਤੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ। 50 ਮਿੰਟ ਬਾਅਦ ਹੀ ਡਾਕਟਰ ਸਿਊ ਕੋਲ ਗਏ ਅਤੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕ੍ਰਿਸ ਕੋਈ ਪ੍ਰਤੀਕਿਰਿਆ ਨਹੀਂ ਕਰ ਰਹੇ।ਸਿਊ ਨੇ ਡਾਕਟਰਾਂ ਤੋਂ ਕੁਝ ਸਮਾਂ ਮੰਗਿਆ ਅਤੇ ਇਸ ਮਗਰੋਂ ਜਿਵੇਂ ਚਮਤਕਾਰ ਹੋਇਆ। 68 ਮਿੰਟ ਬਾਅਦ ਤੋਂ ਬੰਦ ਕ੍ਰਿਸ ਦੇ ਦਿਲ ਵਿਚ ਹਲਚਲ ਸ਼ੁਰੂ ਹੋ ਗਈ। ਕ੍ਰਿਸ ਨੂੰ ਤੁਰੰਤ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਪਹਿਲਾਂ ਨਾਲੋਂ ਬਿਹਤਰ ਹਾਲਤ ਵਿਚ ਹਨ। 

ਹੋਸ਼ ਵਿਚ ਆਉਂਦੇ ਹੀ ਕ੍ਰਿਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ। ਸੀ.ਪੀ.ਆਰ. ਦੇਣ ਵਿਚ ਜਰਾ ਜਿੰਨੀ ਦੇਰੀ ਵੀ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਸਕਦੀ ਸੀ। ਕ੍ਰਿਸ ਨੇ ਕਿਹਾ ਕਿ ਮੇਰੀ ਪਤਨੀ ਵੱਲੋਂ ਸਮੇਂ 'ਤੇ ਵਰਤੀ ਗਈ ਸਮਝਦਾਰੀ ਕਾਰਨ ਹੀ ਅੱਜ ਮੈਂ ਤੁਹਾਡੇ ਵਿਚ ਹਾਂ।


author

Vandana

Content Editor

Related News