ਬ੍ਰਿਟੇਨ ਨੇ ਅਫ਼ਗਾਨਿਸਾਨ ਤੋਂ ਕੱਢੇ 4 ਹਜ਼ਾਰ ਲੋਕ

Monday, Aug 23, 2021 - 11:18 AM (IST)

ਬ੍ਰਿਟੇਨ ਨੇ ਅਫ਼ਗਾਨਿਸਾਨ ਤੋਂ ਕੱਢੇ 4 ਹਜ਼ਾਰ ਲੋਕ

ਲੰਡਨ/ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਵਿਚਾਲੇ ਬਿ੍ਰਟੇਨ, ਅਮਰੀਕਾ ਤੇ ਯੂਰਪੀ ਸੰਘ ਸਮੇਤ ਸਾਰੇ ਦੇਸ਼ ਆਪਣੇ-ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ’ਚ ਲੱਗੇ ਹਨ। ਇਸ ਕਾਰਨ ਕਾਬੁਲ ਏਅਰਪੋਰਟ ਦੇ ਬਾਹਰ ਹਫ਼ੜਾ-ਦਫੜੀ ਦਾ ਮਾਹੌਲ ਹੈ। ਇਸ ਵਿਚਾਲੇ ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਨੇ 13 ਅਗਸਤ ਤੋਂ ਅਜੇ ਤਕ ਲਗਭਗ 4 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਹੈ। ਬ੍ਰਿਟੇਨ ਫੌਜੀਆਂ ਵੱਲੋਂ ਕੱਢੇ ਗਏ ਜ਼ਿਆਦਾਤਰ ਲੋਕ ਅਫ਼ਗਾਨੀ ਹਨ, ਜਿਨ੍ਹਾਂ ਨੇ ਪਿਛਲੇ 20 ਸਾਲਾਂ ’ਚ ਬਿ੍ਰਟੇਨ ਦੀ ਮਦਦ ਕੀਤੀ ਹੈ। ਇਨ੍ਹਾਂ 4 ਹਜ਼ਾਰ ਲੋਕਾਂ ਜਾਂ ਬ੍ਰਿਟਿਸ਼ ਨਾਗਰਿਕਾਂ ਤੋਂ ਇਲਾਵਾ ਲਗਭਗ 5 ਹਜ਼ਾਰ ਅਫ਼ਗਾਨ ਸਹਿਯੋਗੀ ਜਿਵੇਂ ਕਿ ਅਨੁਵਾਦਕਾਂ ਤੇ ਡਰਾਈਵਰਾਂ ਲਈ ਹਵਾਈ ਜਹਾਜ਼ ’ਚ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਕਤਰ ਨੇ ਅਫ਼ਗਾਨਿਸਤਾਨ ਤੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢਿਆ ਹੈ। ਕਤਰ ਤੇ ਸੰਯੁਕਤ ਅਰਬ ਅਮੀਰਾਤ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ-ਨਾਲ ਅਫ਼ਗਾਨ ਦੁਭਾਸ਼ੀਆਂ ਲਈ ਨਿਕਾਸੀ ਉਡਾਣਾਂ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਜੋਸੇਪ ਬੋਰੇਲ ਨੇ ਵੀਰਵਾਰ ਨੂੰ ਦੱਸਿਆ ਕਿ ਸੰਘ ਦੇ ਲਗਭਗ 100 ਕਰਮਚਾਰੀ ਤੇ ਉਨ੍ਹਾਂ ਨਾਲ ਕੰਮ ਕਰ ਰਹੇ 400 ਅਫ਼ਗਾਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਫ਼ਾਇਰਿੰਗ ’ਚ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਤਾਲੀਬਾਨ ਨੇ ਅਫ਼ਗਾਨ ਲੋਕਾਂ ਤੋਂ ਵਾਪਸ ਘਰ ਪਰਤਨ ਨੂੰ ਕਿਹਾ ਹੈ। ਨਾਲ ਹੀ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਨੂੰ ਸੱਟ ਨਹੀਂ ਪਹੁੰਚਾਉਣਾ ਚਾਹੁੰਦੇ ਹਨ। ਏਅਰਪੋਰਟ ’ਤੇ ਮੌਜੂਦ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦੇ ਮੁਤਾਬਕ ਐਤਵਾਰ ਤੋਂ ਅਜੇ ਤਕ 17 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ ਹੈ।


author

Tarsem Singh

Content Editor

Related News