ਬੱਚੀ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਭਾਲ ''ਚ ਜੁਟੀ ਪੁਲਸ

12/30/2017 5:25:03 PM

ਬ੍ਰਿਸਬੇਨ(ਬਿਊਰੋ)—ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜੋ ਕਿਸੇ ਵੀ ਮਾਤਾ-ਪਿਤਾ ਦੇ ਹੋਸ਼ ਉਡਾ ਸਕਦੀ ਹੈ। ਪੁਲਸ ਨੇ ਇਸ ਘਟਨਾ ਦੀ ਇਕ ਫੁਟੇਜ ਨੂੰ ਜਾਰੀ ਕਰਦੇ ਹੋਏ ਅਜਿਹੇ ਮਾਤਾ-ਪਿਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੋ ਆਪਣੇ ਬੱਚਿਆਂ ਨੂੰ ਲੈ ਕੇ ਚੋਕੰਨੇ ਨਹੀਂ ਰਹਿੰਦੇ ਹਨ। ਪੁਲਸ ਵੱਲੋਂ ਜਾਰੀ ਕੀਤੀ ਗਈ ਫੁਟੇਜ ਮੁਤਾਬਕ ਇਕ ਸ਼ਖਸ ਨੇ ਕਾਰ ਵਿਚ ਮੌਜੂਦ ਇਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਿਆ। ਵੀਡੀਓ ਮੁਤਾਬਕ ਔਰਤ ਕਾਰ ਵਿਚੋਂ ਨਿਕਲ ਕੇ ਇਕ ਹੋਟਲ ਵਿਚ ਕਿਸੇ ਕੰਮ ਲਈ ਜਾਂਦੀ ਹੈ ਅਤੇ ਔਰਤ ਨਾਲ ਉਸ ਦਾ ਇਕ ਬੱਚਾ ਵੀ ਹੈ ਪਰ ਔਰਤ ਨੇ ਆਪਣੀ ਇਕ 8 ਸਾਲਾ ਬੱਚੀ ਨੂੰ ਕਾਰ ਦੀ ਪਿਛਲੀ ਸੀਟ 'ਤੇ ਛੱਡ ਦਿੱਤਾ।
ਜਿਵੇਂ ਹੀ ਔਰਤ ਹੋਟਲ ਅੰਦਰ ਜਾਂਦੀ ਹੈ, ਉਦੋਂ ਹੀ ਇਕ ਹੋਰ ਗੱਡੀ ਵਿਚ ਆਇਆ ਅਗਵਾਕਰਤਾ ਔਰਤ ਦੀ ਕਾਰ ਵੱਲ ਵਧਦਾ ਹੈ ਅਤੇ ਪਿਛਲਾ ਦਰਵਾਜ਼ਾ ਖੋਲ੍ਹਦਾ ਹੈ। ਇਸ ਦੌਰਾਨ ਜਿਵੇਂ ਹੀ ਅਗਵਾਕਰਤਾ ਪਿਛਲੀ ਸੀਟ 'ਤੇ ਬੈਠੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਉਹ ਬੱਚੀ ਰੋਣ ਲੱਗ ਗਈ। ਇਸ ਤੋਂ ਇਲਾਵਾ ਉਸ ਸਮੇਂ ਇਕ ਹੋਰ ਸ਼ਖਸ ਵੀ ਉਥੇ ਆਉਂਦਾ ਹੋਇਆ ਉਸ ਦੇ ਨਜ਼ਰੀ ਪੈਂਦਾ ਹੈ। ਪੁਲਸ ਨੇ ਵੀਡੀਓ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਬੱਚੀ ਦੇ ਰੋਣ ਅਤੇ ਇਕ ਹੋਰ ਸ਼ਖਸ ਦੇ ਉਥੇ ਆਉਣ ਨਾਲ ਅਗਵਾਕਰਤਾ ਦਾ ਇਰਾਦਾ ਪੂਰਾ ਨਹੀਂ ਹੋ ਸਕਿਆ। ਪੁਲਸ ਵੱਲੋਂ ਇਸ ਵੀਡੀਓ ਦੀ ਫੁਟੇਜ ਜਾਰੀ ਕਰਨ ਦਾ ਮੁੱਖ ਮਕਸਦ ਸਾਰੇ ਮਾਤਾ-ਪਿਤਾ ਨੂੰ ਚੋਕੰਨੇ ਕਰਨਾ ਹੈ। ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਬਾਅਦ ਪੁਲਸ ਹੁਣ ਗੱਡੀ ਦੇ ਆਧਾਰ 'ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।


Related News