ਬ੍ਰਿਸਬੇਨ : ਕਿਸਾਨਾਂ ਦੇ ਹੱਕ ''ਚ ''ਇੰਡੀਅਨ ਫਾਰਮਰਜ਼ ਐਂਡ ਵਰਕਰਜ਼ ਐਸ਼ੋਸੀਏਸ਼ਨ'' ਦਾ ਗਠਨ
Saturday, Jan 09, 2021 - 10:24 AM (IST)
ਬ੍ਰਿਸਬੇਨ, (ਸਤਵਿੰਦਰ ਟੀਨੂੰ)- ਭਾਰਤ ਵਿਚ ਕਿਸਾਨੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਿਉਂ-ਜਿਉਂ ਸੰਘਰਸ਼ ਤਿੱਖਾ ਹੋ ਰਿਹਾ ਹੈ, ਪੂਰੇ ਵਿਸ਼ਵ ਵਿਚ ਪੰਜਾਬੀ ਭਾਈਚਾਰਾ ਇਸ ਦੀ ਹਿਮਾਇਤ ਵਿਚ ਇਕੱਠਾ ਹੋ ਰਿਹਾ ਹੈ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇਟਲੀ ਅਤੇ ਇੰਗਲੈਂਡ ਆਦਿ ਵਿਚ ਵੱਡੀ ਗਿਣਤੀ ਵਿਚ ਮੌਜੂਦ ਪੰਜਾਬੀ ਭਾਈਚਾਰਾ ਲਗਾਤਾਰ ਰੋਸ ਰੈਲੀਆਂ ਰਾਹੀਂ ਅਤੇ ਆਰਥਿਕ ਮਦਦ ਰਾਹੀਂ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਕਰ ਰਿਹਾ ਹੈ।
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਵੀ ਇਸ ਲਹਿਰ ਤਹਿਤ ਕੁੱਝ ਸਮਾਂ ਪਹਿਲਾਂ ਡਾ. ਬਰਨਾਰਡ ਮਲਕ ਦੀ ਪਹਿਲਕਦਮੀ 'ਤੇ ਇਤਿਹਾਸਕ ਰੋਸ ਪ੍ਰਦਰਸ਼ਨ ਹੋਇਆ ਸੀ, ਜਿਸ ਵਿਚ 2500 ਤੋਂ ਉੱਪਰ ਲੋਕਾਂ ਨੇ ਤਿੱਖੀ ਧੁੱਪ ਵਿਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਉਤਸ਼ਾਹਿਤ ਹੋ ਕੇ ਸ਼ਹਿਰ ਵਿਚ ਇਕ ਕਾਰ ਰੈਲੀ ਕੀਤੀ ਗਈ ਅਤੇ ਇਕ ਹੋਰ ਰੋਸ ਪ੍ਰਦਰਸ਼ਨ ਵੀ ਹੋਇਆ ਸੀ। ਭਵਿੱਖ ਵਿੱਚ ਹੋਣ ਵਾਲ਼ੀਆਂ ਦੋ ਕਾਰ ਰੈਲੀਆਂ ਕਰੋਨਾ ਮਾਮਲਿਆਂ ਦੇ ਮੁੜ ਉੱਭਰਨ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ।
ਬ੍ਰਿਸਬੇਨ ਦੇ ਪ੍ਰਮੁੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਮੋਹਤਬਰ ਸੱਜਣਾਂ ਨੇ ਮਹਿਸੂਸ ਕੀਤਾ ਹੈ ਕਿ ਕੋਈ ਸਾਂਝੀ ਐਕਸ਼ਨ ਕਮੇਟੀ ਹੋਣੀ ਚਾਹੀਦੀ ਹੈ ਤਾਂ ਕਿ ਰੋਸ ਰੈਲੀਆਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕੀਤਾ ਜਾਵੇ ਅਤੇ ਸ਼ਹਿਰ ਦੇ ਸਮੁੱਚੇ ਭਾਈਚਾਰੇ ਦਾ ਸਹਿਯੋਗ ਲਿਆ ਜਾਵੇ। ਇਸ ਤਹਿਤ ਕੱਲ ਸ਼ਹਿਰ ਵਿਚ ਇਕ ਜ਼ਰੂਰੀ ਮੀਟਿੰਗ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਵਿਖੇ ਬੁਲਾਈ ਗਈ। ਇਸ ਵਿੱਚ ਸ਼ਹਿਰ ਦੇ ਸਾਰੇ ਗੁਰੂਘਰਾਂ ਦੇ ਨੁਮਾਇੰਦਿਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਵਿਚ ਕਮੇਟੀ ਦੀ ਬਣਤਰ ਅਤੇ ਕਿਸਾਨ ਸੰਘਰਸ਼ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਨਾਮ ‘ਇੰਡੀਅਨ ਫਾਰਮਰਜ਼ ਐਂਡ ਵਰਕਰਜ਼ ਐਸ਼ੋਸੀਏਸਨ’ ਰੱਖਿਆ ਗਿਆ। ਇਹ ਬਕਾਇਦਾ ਰਜਿਸਟਰਡ ਬਾਡੀ ਵਜੋਂ ਆਉਣ ਵਾਲੇ ਸਮੇਂ ਸ਼ਹਿਰ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਅਤੇ ਤਾਲਮੇਲ ਕਰਨ ਵਾਲੀ ਕਮੇਟੀ ਹੋਵੇਗੀ।
ਇਸ ਮੀਟਿੰਗ ਵਿਚ ਸਰਬ-ਸੰਮਤੀ ਨਾਲ ਸ. ਅਮਰਜੀਤ ਸਿੰਘ ਮਾਹਲ ਨੂੰ ਇਸ ਦਾ ਪ੍ਰਧਾਨ ਅਤੇ ਸ. ਧਰਮਪਾਲ ਸਿੰਘ ਜੌਹਲ ਨੂੰ ਇਸ ਦਾ ਉਪ ਪ੍ਰਧਾਨ ਬਣਾਇਆ ਗਿਆ। ਨੈਸ਼ ਦੁਸਾਂਝ ਨੂੰ ਇਸ ਦਾ ਜਨਰਲ ਸਕੱਤਰ ਅਤੇ ਪ੍ਰੀਤਮ ਸਿੰਘ ਝੱਜ ਨੂੰ ਇਸ ਦਾ ਖ਼ਜ਼ਾਨਚੀ ਬਣਾਇਆ ਗਿਆ। ਬਾਕੀ ਤਿੰਨ ਮੈਂਬਰਾਂ ਵਿਚ ਜਗਦੀਪ ਸਿੰਘ, ਬ੍ਰਿਸਬੇਨ ਦੇ ਉੱਤਰੀ ਇਲਾਕੇ ਤੋਂ ਸ. ਜਸਜੋਧ ਸਿੰਘ ਅਤੇ ਕੁਈਨਜ਼ਲੈਂਡ ਦੇ ਸ਼ਹਿਰ ਟਵਾਬਾਂ ਤੋਂ ਸ. ਇਕਬਾਲ ਸਿੰਘ ਨੂੰ ਚੁਣਿਆ ਗਿਆ।
ਕਮੇਟੀ ਨੇ ਹਰਿਆਣਾ, ਰਾਜਸਥਾਨ ਸਣੇ ਸਮੁੱਚੇ ਭਾਰਤ ਦੇ ਬ੍ਰਿਸਬੇਨ ਵਿਚਲੇ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਇਸ ਕਮੇਟੀ ਵਿਚ ਸ਼ਾਮਲ ਹੋਣ ਤਾਂ ਕਿ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕੀਤਾ ਜਾ ਸਕੇ। ਅੰਤ ਵਿੱਚ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਆਏ ਹੋਏ ਸਾਰੇ ਕਿਸਾਨ ਹਿਤੈਸ਼ੀ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦੀ ਹੀ ਕਮੇਟੀ ਵੱਲੋਂ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ।