ਬ੍ਰਾਜ਼ੀਲ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਡੇਢ ਲੱਖ ਤੋਂ ਪਾਰ
Sunday, Oct 11, 2020 - 08:58 PM (IST)

ਰੀਓ ਡੀ ਜਨੇਰੀਓ- ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਡੇਢ ਲੱਖ ਤੋਂ ਵੱਧ ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਵਾਇਰਸ ਦੇ ਮਾਮਲੇ ਹੁਣ ਘੱਟ ਹੋ ਰਹੇ ਹਨ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,50,198 ਹੋ ਗਈ ਹੈ।
ਜਾਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਮ੍ਰਿਤਕਾਂ ਦੀ ਇਹ ਗਿਣਤੀ ਅਮਰੀਕਾ ਦੇ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਬ੍ਰਾਜ਼ੀਲ ਵਿਚ ਪਿਛਲੇ ਡੇਢ ਮਹੀਨੇ ਵਿਚ ਕੋਰੋਨਾ ਮਾਮਲੇ ਕੁਝ ਘੱਟ ਹੋਏ ਹਨ। ਪਿਛਲੇ 7 ਦਿਨਾਂ ਵਿਚ 598 ਲੋਕਾਂ ਦੀ ਮੌਤ ਹੋਈ ਹੈ ਜੋ ਮਈ ਦੇ ਬਾਅਦ ਮ੍ਰਿਤਕਾਂ ਦੀ ਸਭ ਤੋਂ ਘੱਟ ਗਿਣਤੀ ਹੈ।
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 51 ਲੱਖ ਹੋ ਗਈ ਹੈ। ਅਮਰੀਕਾ ਵਿਚ 79 ਲੱਖ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਅਮਰੀਕਾ ਤੇ ਬ੍ਰਾਜ਼ੀਲ ਵਿਚ ਦੁਨੀਆ ਦੇ 36 ਫੀਸਦੀ ਕੋਰੋਨਾ ਮਾਮਲੇ ਹਨ।