ਕੈਨੇਡਾ 'ਚ ਪਤਨੀ ਅਤੇ ਸੱਸ ਦੇ ਕਤਲ ਮਾਮਲੇ 'ਚ ਪੰਜਾਬੀ ਨੂੰ ਉਮਰ ਕੈਦ
Wednesday, Oct 20, 2021 - 12:43 PM (IST)
ਟੋਰਾਂਟੋ (ਰਾਜ ਗੋਗਨਾ): ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇੱਕ ਪੰਜਾਬੀ ਨੂੰ 25 ਸਾਲ ਤੱਕ ਪੈਰੋਲ ਦੀ ਕੋਈ ਸੰਭਾਵਨਾ ਦੇ ਬਿਨਾਂ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂ ਉਹ ਆਪਣੀ ਪਤਨੀ ਅਤੇ ਸੱਸ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਚਾਕੂ ਮਾਰਨ ਦੇ ਦੋ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਦੱਸਣਯੋਗ ਹੈ ਕਿ ਮਿੱਤੀ 12 ਜਨਵਰੀ, 2018 ਨੂੰ ਆਪਣੇ ਛੋਟੇ ਬੇਟੇ ਦੇ ਲੋਹੜੀ ਦੇ ਜਸ਼ਨ ਨੂੰ ਲੈ ਕੇ ਆਪਸ ਵਿੱਚ ਬਹਿਸ ਵਿੱਚ ਉਲਝ ਗਏ ਸਨ।
ਬੀਤੇ ਦਿਨ ਸੁਪੀਰੀਅਰ ਕੋਰਟ ਦੇ ਜਸਟਿਸ ਕੋਫੀ ਬਾਰਨਸ ਨੇ ਕਿਹਾ ਕਿ ਦਲਵਿੰਦਰ ਸਿੰਘ ਨੂੰ ਇਹ ਪਤਾ ਲੱਗਣ ਤੋਂ ਬਾਅਦ ਗੁੱਸਾ ਆਇਆ ਕਿ ਦੋਵੇਂ ਔਰਤਾਂ ਜਿੰਨਾਂ ਵਿਚ ਉਸ ਦੀ ਪਤਨੀ ਅਤੇ ਸੱਸ ਸ਼ਾਮਲ ਸਨ, ਉਸ ਦੀ ਜਾਣਕਾਰੀ ਤੋਂ ਬਿਨਾਂ ਲੋਹੜੀ ਦਾ ਜਸ਼ਨ ਮਨਾਉਣ ਲਈ ਇੱਕ ਪਰਿਵਾਰਕ ਇਕੱਠ ਦਾ ਆਯੋਜਨ ਕਰ ਰਹੀਆਂ ਸਨ।ਬਹਿਸ ਮਗਰੋਂ ਵਧੇ ਝਗੜੇ ਨੇ ਉਸ ਦੇ ਗੁੱਸੇ ਨੂੰ "ਭਿਆਨਕ ਅਤੇ ਦੁਖਦਾਈ ਘਟਨਾਵਾਂ ਦੀ ਲੜੀ" ਵਿੱਚ ਬਦਲ ਦਿੱਤਾ। 11 ਮਿੰਟ ਦੇ ਅੰਦਰ, ਦਲਵਿੰਦਰ ਸਿੰਘ ਨੇ ਆਪਣੀ 32 ਸਾਲਾ ਪਤਨੀ ਬਲਜੀਤ ਥਾਂਦੀ ਅਤੇ ਉਸ ਦੀ 60 ਸਾਲਾ ਦੀ ਮਾਂ ਅਵਤਾਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਫ਼ੈਸਲਾ ਸੁਣਾਏ ਜਾਣ ਸਮੇਂ ਦਲਵਿੰਦਰ ਅਦਾਲਤ ਵਿਚ ਮੌਜੂਦ ਸੀ।
ਪੜ੍ਹੋ ਇਹ ਅਹਿਮ ਖਬਰ- ਵਿੰਨੀਪੈਗ ਸਿਟੀ ਕੌਂਸਲ ਵੱਲੋਂ ਡਾ. ਗੁਲਜ਼ਾਰ ਚੀਮਾ ਦੇ ਨਾਮ 'ਸਟਰੀਟ'
ਸਰਕਾਰੀ ਵਕੀਲ ਨੇ ਦੱਸਿਆ ਕਿ ਆਰਥਿਕ ਤੰਗੀ ਹੋਣ ਕਰਕੇ ਦਲਵਿੰਦਰ ਲੋਹੜੀ ਦਾ ਖਰਚਾ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਲੋਹੜੀ ਪਾਉਣਾ ਚਾਹੁੰਦੀ ਸੀ। ਦਲਵਿੰਦਰ ਤੇ ਬਲਜੀਤ ਦਾ ਵਿਆਹ 2016 ਵਿੱਚ ਹੋਇਆ ਸੀ ਪਰ ਜਲਦੀ ਹੀ ਦੋਹਾਂ ਵਿਚਾਲੇ ਝਗੜੇ ਸ਼ੁਰੂ ਹੋ ਗਏ। 2017 'ਚ ਬੱਚੇ ਦੇ ਜਨਮ ਮਗਰੋਂ ਦੋਸ਼ੀ ਨੂੰ ਆਪਣੀ ਪਤਨੀ ਨੂੰ ਕੁੱਟਣ ਦੇ ਦੋਸ਼ਾਂ 'ਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਦੀਆਂ ਸ਼ਰਤਾਂ ਤਹਿਤ ਉਹ ਪਤਨੀ ਬਲਜੀਤ ਦੇ ਨੇੜੇ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸ ਨਾਲ ਘਰ 'ਚ ਰਹਿ ਸਕਦਾ ਸੀ ਪਰ ਜ਼ਮਾਨਤ ਦੀਆਂ ਸ਼ਰਤਾਂ ਤੋੜ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।