ਖਿਡੌਣਿਆਂ ਦੇ ਭਰੇ ਡੱਬੇ 'ਚੋਂ ਮਿਲੀ ਬੰਦੂਕ ਨਾਲ 7 ਸਾਲਾ ਬੱਚੇ ਨੇ ਖੁਦ ਨੂੰ ਮਾਰੀ ਗੋਲੀ

Friday, May 18, 2018 - 03:25 PM (IST)

ਪਲਾਏਮਾਊਥ— ਅਮਰੀਕਾ 'ਚ ਉਪਨਗਰੀ ਮਿਨੀਪੋਲਿਸ 'ਚ 7 ਸਾਲਾ ਬੱਚੇ ਨੇ ਖੇਡ-ਖੇਡ 'ਚ ਆਪਣੀ ਹੀ ਜਾਨ ਲੈ ਲਈ। ਕੇਆਰਿਸ ਸੇਮੂਏਲਸ ਨਾਂ ਦੇ ਬੱਚੇ ਨੂੰ ਆਪਣੇ ਘਰ 'ਚ ਖਿਡੌਣਿਆਂ ਦੇ ਭਰੇ ਇਕ ਡੱਬੇ 'ਚੋਂ ਮਿਲੀ ਬੰਦੂਕ ਨਾਲ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਬੰਦੂਕ 'ਚ ਗੋਲੀਆਂ ਭਰੀਆਂ ਹੋਈਆਂ ਸਨ। ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। 
ਪਲਾਏਮਾਊਥ ਦੇ ਟਾਊਨਹੋਮ ਅਪਾਰਟਮੈਂਟ 'ਚ ਵੀਰਵਾਰ ਨੂੰ ਤਕਰੀਬਨ 3 ਵਜੇ (ਸਥਾਨਕ ਸਮੇਂ ਮੁਤਾਬਕ) ਪੁਲਸ ਨੂੰ ਰਿਪੋਰਟ ਮਿਲੀ ਕਿ ਇਕ ਬੱਚੇ ਦੇ ਸਿਰ 'ਚੋਂ ਖੂਨ ਨਿਕਲ ਰਿਹਾ ਹੈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੂੰ ਕੇਆਰਿਸ ਸੈਮੂਅਲਸ ਦੇ ਸਿਰ 'ਚ ਗੋਲੀ ਲੱਗਣ ਦੀ ਗੱਲ ਪਤਾ ਲੱਗੀ। ਪੁਲਸ ਨੇ ਅੱਜ ਦੱਸਿਆ ਕਿ ਬੱਚੇ ਦੇ ਤਿੰਨ ਭੈਣ-ਭਰਾ ਵੀ ਉੱਥੇ ਹੀ ਮੌਜੂਦ ਸਨ। ਜਿਸ ਸਮੇਂ ਬੱਚਿਆਂ ਨੂੰ ਡੱਬੇ 'ਚੋਂ ਬੰਦੂਕ ਮਿਲੀ, ਉਸ ਸਮੇਂ ਬੱਚਿਆਂ ਨਾਲ ਕੋਈ ਵੱਡਾ ਵਿਅਕਤੀ ਮੌਜੂਦ ਨਹੀਂ ਸੀ। ਕੇਆਰਿਸ ਨੇ ਜਦ ਗਲਤੀ ਨਾਲ ਖੁਦ ਨੂੰ ਗੋਲੀ ਮਾਰੀ ਉਸ ਸਮੇਂ ਬਾਕੀ ਬੱਚੇ ਬਾਹਰ ਸਨ। ਘਟਨਾ ਦੇ ਤੁਰੰਤ ਬਾਅਦ ਬੱਚੇ ਦੀ ਮਾਂ ਘਰ ਪੁੱਜੀ। ਪਲਾਏਮਾਊਥ ਦੇ ਪੁਲਸ ਮੁਖੀ ਮਾਈਕਲ ਗੋਲਡਸਟੀਨ ਨੇ ਦੱਸਿਆ ਕਿ ਬੱਚੇ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਡੱਬੇ 'ਚ ਬੰਦੂਕ ਕਿੱਥੋਂ ਆਈ। ਇਸ ਦੀ ਜਾਣਕਾਰੀ ਅਜੇ ਪਤਾ ਨਹੀਂ ਲੱਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬੰਦੂਕ ਦੇ ਮਾਲਕ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।


Related News