ਬੱਚੇ ਨੂੰ ਕਾਰ ''ਚ ਛੱਡ ਕੇ ਭੁੱਲ ਗਏ ਮਾਪੇ, ਹਸਪਤਾਲ ''ਚ ਤੋੜਿਆ ਦਮ

09/22/2017 12:59:22 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਗਾਸਾ ਨੇੜੇ ਇਕ ਬੱਚਾ ਕਾਰ 'ਚ ਫਸਿਆ ਰਹਿਣ ਕਾਰਨ ਮਰ ਗਿਆ। ਇਸ ਬੱਚੇ ਦੀ ਉਮਰ 2 ਤੋਂ 3 ਸਾਲ ਦੱਸੀ ਜਾ ਰਹੀ ਹੈ। ਇਮਾਰਤ ਨੂੰ ਸਾਫ ਕਰਨ ਵਾਲੀ ਇਕ ਔਰਤ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਨੂੰ ਇਹ ਬੱਚਾ ਕਾਰ 'ਚ ਪਿਆ ਦਿਖਾਈ ਦਿੱਤਾ ਸੀ। ਉਨ੍ਹਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਲੋਕਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਬੱਚੇ ਦੇ ਮਾਪੇ ਇਸ ਨੂੰ ਕਾਰ 'ਚ ਰੱਖ ਕੇ ਭੁੱਲ ਗਏ। ਉਂਝ ਪਹਿਲਾਂ ਵੀ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ ਜਦ ਮਾਂ-ਬਾਪ ਬੱਚਿਆਂ ਨੂੰ ਕਾਰਾਂ 'ਚ ਛੱਡ ਕੇ ਚਲੇ ਜਾਂਦੇ ਹਨ ਤੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। 
ਇਸ ਕਾਰ 'ਚੋਂ ਨੀਲੇ ਰੰਗ ਦੇ ਬੂਟ ਪਏ ਹੋਏ ਸਨ। ਹੁੰਡਾਈ ਸੁਨਾਟਾ ਦੀ ਇਹ ਕਾਰ ਮਿਲ ਰੋਡ ਦੇ ਨੇੜਲੇ ਇਲਾਕੇ 'ਚ ਪਾਰਕ ਕੀਤੀ ਗਈ ਸੀ। ਇਸ ਕਾਰ 'ਚੋਂ ਜਦ ਬੱਚੇ ਨੂੰ ਕੱਢਿਆ ਗਿਆ ਤਾਂ ਉਸ ਦੀ ਹਾਲਤ ਖਰਾਬ ਹੀ ਲੱਗਦੀ ਸੀ ਅਤੇ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਅਜੇ ਤਕ ਕਿਸੇ ਨੂੰ ਇਸ ਮਾਮਲੇ 'ਚ ਹਿਰਾਸਤ 'ਚ ਨਹੀਂ ਲਿਆ ਗਿਆ। ਪੁਲਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਅਜੇ ਤਕ ਬੱਚੇ ਦੇ ਪਰਿਵਾਰ ਨਾਲ ਸੰਪਰਕ ਹੋਣ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


Related News